ਆਤਿਸ਼ ਗੁਪਤਾ
ਚੰਡੀਗੜ੍ਹ, 12 ਅਕਤੂਬਰ
ਚੰਡੀਗੜ੍ਹ ਦੇ ਪਿੰਡ ਸਾਰੰਗਪੁਰ ਵਿੱਚ ਸਥਿਤ ਬੋਟੈਨੀਕਲ ਗਾਰਡਨ ਦੀ ਝੀਲ ਵਿੱਚ ਡੁੱਬਣ ਕਾਰਨ ਅੱਜ ਇਕ 10 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਸਮੀਰ ਵਾਸੀ ਖੁੱਡਾ ਲਾਹੋਰਾ ਵਜੋਂ ਹੋਈ ਹੈ। ਘਟਨਾ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸਾਰੰਗਪੁਰ ਦੀ ਪੁਲੀਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਸਾਰੰਗਪੁਰ ਥਾਣੇ ਦੇ ਐੱਸਐੱਚਓ ਰੋਹਿਤ ਕੁਮਾਰ ਨੇ ਪੁਲੀਸ ਪਾਰਟੀ ਸਮੇਤ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹੰਮਦ ਸਮੀਰ ਆਪਣੇ ਦੋਸਤ ਦੇ ਨਾਲ ਦੁਪਹਿਰ ਸਮੇਂ ਬੋਟੈਨੀਕਲ ਗਾਰਡਨ ਵਿੱਚ ਖੇਡਣ ਲਈ ਆਇਆ ਸੀ, ਜਿੱਥੇ ਉਹ ਅਚਾਨਕ ਝੀਲ ਵਿੱਚ ਡਿੱਗ ਗਿਆ। ਇਸ ਦੌਰਾਨ ਉਸ ਦੇ ਦੋਸਤ ਨੇ ਰੌਲਾ ਪਾ ਕੇ ਲੋਕਾਂ ਨੂੰ ਮੌਕੇ ’ਤੇ ਸੱਦਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਉੱਥੇ ਪਹੁੰਚਣ ਵਿੱਚ 30 ਮਿੰਟ ਤੋਂ ਵੱਧ ਸਮਾਂ ਲੰਘ ਗਿਆ। ਬੱਚੇ ਦੇ ਡਿੱਗਣ ਬਾਰੇ ਜਾਣਕਾਰੀ ਮਿਲਦੇ ਹੀ ਬੱਚੇ ਨੂੰ ਝੀਲ ਵਿੱਚੋਂ ਕੱਢ ਕੇ ਸੈਕਟਰ-16 ਦੇ ਸਰਕਾਰੀ ਮਲਟੀ ਸਪੈਸ਼ਲਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਸਾਰੰਗਪੁਰ ਦੀ ਪੁਲੀਸ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਮੁਹੰਮਦ ਸਮੀਰ ਖੁੱਡਾ ਲਾਹੋਰਾ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਪੁਲੀਸ ਦਾ ਕਹਿਣਾ ਹੈ ਕਿ ਬੱਚਾ ਝੀਲ ਵਿੱਚ ਨਹਾਉਣ ਲੱਗਾ ਸੀ ਜਾਂ ਉਸ ਦਾ ਪੈਰ ਫਿਸਲਣ ਕਾਰਨ ਉਹ ਝੀਲ ਵਿੱਚ ਡਿੱਗ ਗਿਆ ਹੈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੋਟੈਨੀਕਲ ਗਾਰਡਨ ਵਿੱਚ ਹਰ ਵੇਲੇ ਅੱਧਾ ਦਰਜਨ ਮੁਲਾਜ਼ਮ ਮੌਜੂਦ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਅਜਿਹੀ ਘਟਨਾ ਵਾਪਰਨ ਨਾਲ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੁੰਦੇ ਹਨ। ਥਾਣਾ ਸਾਰੰਗਪੁਰ ਦੇ ਐੱਸਐੱਚਓ ਰੋਹਿਤ ਕੁਮਾਰ ਨੇ ਕਿਹਾ ਕਿ ਪੋਸਟਮਾਰਮਟ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਪੜਤਾਲ ਕੀਤੀ ਜਾਵੇਗੀ।