ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 27 ਜੂਨ
ਪੁਲੀਸ ਨੇ 750 ਗ੍ਰਾਮ ਅਫੀਮ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮੋਹਿਤ ਕੁਮਾਰ ਵਾਸੀ ਕੁਮਾਰੀ ਨੰਗਲਾ ਜ਼ਿਲ੍ਹਾ ਫਾਰੁਖਬਾਦ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਇਥੋਂ ਦੇ ਏਸਟਰ ਪਲਾਜ਼ਾ ਦੇ ਨੇੜੇ ਨਾਕਾਬੰਦੀ ਦੌਰਾਨ ਪੁਲੀਸ ਨੇ ਇਕ ਪੈਦਲ ਆ ਰਹੇ ਵਿਅਕਤੀ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ। ਪੁਲੀਸ ਨੂੰ ਉਸਦੀ ਤਲਾਸ਼ੀ ਲੈਣ ’ਤੇ ਉਸ ਤੋਂ 750 ਗ੍ਰਾਮ ਅਫੀਮ ਬਰਾਮਦ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਵੇਗਾ ਕਿ ਮੁਲਜ਼ਮ ਅਫੀਮ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਸਪਲਾਈ ਕਰਨ ਜਾ ਰਿਹਾ ਸੀ।