ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਕਤੂਬਰ
ਇੱਥੋਂ ਦੇ ਸੈਕਟਰ-51 ਵਿੱਚ ਰਹਿਣ ਵਾਲੇ ਵਿਅਕਤੀ ਦੇ ਭਤੀਜੇ ਦਾ ਕੈਨੇਡਾ ਵਿੱਚ ਇਲਾਜ ਕਰਵਾਉਣ ਦੇ ਨਾਮ ’ਤੇ 7.25 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ।
ਇਸ ਸਬੰਧੀ ਥਾਣਾ ਸਾਈਬਰ ਸੈੱਲ ਦੀ ਟੀਮ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਬਲਬੀਰ ਸਿੰਘ ਵਾਸੀ ਸੈਕਟਰ-51 ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕਿਸੇ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਸ ਦਾ ਭਤੀਜਾ ਕੈਨੇਡਾ ਜੱਸੀ ਕੈਨੇਡਾ ਦੇ ਵਿੱਚ ਮੁਸ਼ਕਲ ’ਚ ਫਸ ਗਿਆ ਹੈ। ਉਸ ਨੂੰ ਕੈਨੇਡਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਛੁਡਵਾਉਣ ਲਈ 5 ਹਜ਼ਾਰ ਡਾਲਰ ਦੀ ਲੋੜ ਹੈ।
ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਬਲਬੀਰ ਸਿੰਘ ਨੇ ਉਕਤ ਵਿਅਕਤੀ ਦੇ ਖਾਤੇ ਵਿੱਚ 5 ਹਜ਼ਾਰ ਡਾਲਰ (7.25 ਲੱਖ ਰੁਪਏ) ਭਾਰਤੀ ਕਰੰਸੀ ਦੇ ਜਮ੍ਹਾਂ ਕਰਵਾ ਦਿੱਤੇ ਜਦੋਂ ਕਿ ਬਾਅਦ ਵਿੱਚ ਪਤਾ ਲੱਗਾ ਕਿ ਜੱਸੀ ਨੂੰ ਕੁਝ ਵੀ ਨਹੀਂ ਹੋਇਆ ਹੈ। ਥਾਣਾ ਸਾਈਬਰ ਸੈੱਲ ਦੀ ਟੀਮ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।