ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਫਰਵਰੀ
ਚੰਡੀਗੜ੍ਹ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਨੇ ਵਿਦੇਸ਼ ਜਾਣ ਲਈ ਹਵਾਈ ਜਹਾਜ਼ ਦੀ ਟਿਕਟ ਦਿਵਾਉਣ ਦੇ ਨਾਂ ’ਤੇ 69 ਹਜ਼ਾਰ ਠੱਗਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸ੍ਰੀਕ੍ਰਿਸ਼ਨਾ ਵਰਿੰਦਰ ਕੁਮਾਰ ਗੌਤਮ ਵਾਸੀ ਉੱਤਰਾਖੰਡ ਵਜੋਂ ਹੋਈ ਹੈ।
ਇਹ ਕਾਰਵਾਈ ਜਸਪ੍ਰੀਤ ਸਿੰਘ ਵਾਸੀ ਮਨੀਮਾਜਰਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਉਸ ਨੂੰ ਦਿੱਲੀ ਤੋਂ ਕੈਨੇਡਾ ਦੀ ਟਿਕਟ 25 ਫ਼ੀਸਦ ਛੋਟ ’ਤੇ ਦਿਵਾਉਣ ਦੀ ਗੱਲ ਕੀਤੀ ਸੀ ਜਦੋਂ ਕਿ ਬਾਅਦ ਵਿੱਚ ਮੁਲਜ਼ਮ ਨੇ ਛੋਟ ਦੇ 69 ਹਜ਼ਾਰ ਰੁਪਏ ਬੈਂਕ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾਏ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।