ਪੱਤਰ ਪ੍ਰੇਰਕ
ਪੰਚਕੂਲਾ, 21 ਸਤੰਬਰ
ਪੰਚਕੂਲਾ ਪੁਲੀਸ ਨੇ ਚੋਰੀ ਦੀਆਂ 62 ਮਹਿੰਗੀਆਂ ਸਾਈਕਲਾਂ ਬਰਾਮਦ ਕੀਤੀਆਂ ਹਨ। ਪਿਛਲੇ ਇੱਕ ਹਫ਼ਤੇ ਤੋਂ ਚੋਰਾਂ ਨੇ ਵੱਖ-ਵੱਖ ਸੈਕਟਰਾਂ ਤੋਂ ਸਾਈਕਲਾਂ ਚੋਰੀ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਕਾਇਮ ਕੀਤਾ ਹੋਇਆ ਸੀ। ਸਾਈਕਲ ਚੋਰ ਰਵੀ ਕੁਮਾਰ ਵਾਸੀ ਯੋਧੇਵਾਲ ਬਸਤੀ ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਨੇ 15 ਹਜ਼ਾਰ ਰੁਪਏ ਦੀ ਇੱਕ ਸਾਈਕਲ ਚੋਰੀ ਕੀਤੀ ਸੀ ਕ੍ਰਾਇਮ ਬ੍ਰਾਂਚ ਸੈਕਟਰ-26 ਪੰਚਕੂਲਾ ਦੀ ਟੀਮ ਨੇ ਕੋਠੀਆਂ ਦੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਇਸ ਚੋਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਇਸ ਨੂੰ ਪੰਜ ਦਿਨ ਦੇ ਰਿਮਾਂਡ ਉੱਤੇ ਭੇਜ ਦਿੱਤਾ। ਇਹ ਪਹਿਲਾਂ ਕੋਠੀਆਂ ਦੀ ਰੇਕੀ ਕਰਦਾ ਸੀ ਤੇ ਫੇਰ ਮਹਿੰਗੀਆਂ ਸਾਈਕਲਾਂ ਚੋਰੀ ਕਰਦਾ ਸੀ ਅਤੇ ਫਿਰ ਦੋ-ਦੋ ਹਜ਼ਾਰ ਦੀਆਂ ਸਾਈਕਲਾਂ ਵੇਚ ਦਿੰਦਾ ਸੀ। ਉਸ ਨੇ ਇਹ ਸਾਈਕਲਾਂ ਸੈਕਟਰ-4, 7, 9, 10, 11, 12, 20, 21, 25, ਅਤੇ 26 ਦੀਆਂ ਕੋਠੀਆਂ ਵਿੱਚੋਂ ਚੋਰੀ ਕੀਤੀਆਂ।
ਮੋਟਰ ਸਾਈਕਲ ਚੋਰ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਅੰਬਾਲਾ (ਰਤਨ ਸਿੰਘ ਢਿੱਲੋਂ): ਸੀਆਈਏ-1 ਦੀ ਟੀਮ ਨੇ ਮੋਟਰ ਸਾਈਕਲ ਚੋਰ ਗਰੋਹ ਨੂੰ ਕਾਬੂ ਕਰਕੇ ਮੁਲਜ਼ਮਾਂ ਕੋਲੋਂ 7 ਮੋਟਰ ਸਾਈਕਲ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਅੰਬਾਲਾ ਸ਼ਹਿਰ ਦੇ ਗੌਤਮ ਪਾਲ ਨਿਵਾਸੀ ਦੁਰਗਾ ਨਗਰ, ਬਲਕਾਰ ਸਿੰਘ ਉਰਫ਼ ਗੋਲੂ ਜਲਬੇੜਾ ਰੋਡ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨਿਵਾਸੀ ਈਸਟ ਦੁਰਗਾ ਨਗਰ ਵਜੋਂ ਹੋਈ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਚੋਰੀ, ਸਨੈਚਿੰਗ ਸਮੇਤ ਕਈ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਪੂਜਾ ਡਾਬਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।