ਹਰਜੀਤ ਸਿੰਘ
ਜ਼ੀਰਕਪੁਰ, 10 ਅਗਸਤ
ਇਥੋਂ ਦੇ ਬਲਟਾਣਾ ਖੇਤਰ ਵਿੱਚ ਦੂਸ਼ਿਤ ਪਾਣੀ ਕਾਰਨ ਫੈਲੀ ਹੈਜ਼ੇ ਦੀ ਬਿਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਖੇਤਰ ਵਿੱਚ ਅੱਜ 60 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਮਰੀਜ਼ਾਂ ਦੀ ਗਿਣਤੀ 231 ’ਤੇ ਪਹੁੰਚ ਗਈ ਹੈ। ਹੁਣ ਤੱਕ ਇਸ ਬਿਮਾਰੀ ਨਾਲ ਇਕ ਤਿੰਨ ਸਾਲ ਦੀ ਬੱਚੀ ਸਮੇਤ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਚਾਰ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੂਜੇ ਪਾਸੇ ਖੇਤਰ ਵਿੱਚ ਨਗਰ ਕੌਂਸਲ ਵੱਲੋਂ ਪਾਣੀ ਦੀ ਸਿੱਧੀ ਸਪਲਾਈ ਬੰਦ ਕਰ ਕੇ ਟੈਂਕਰਾਂ ਰਾਹੀਂ ਪਾਣੀ ਪਹੁੰਚਾਇਆ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਖੇਤਰ ਵਿੱਚ ਟੂਟੀ ਦਾ ਪਾਣੀ ਨਾ ਪੀਣ ਸਬੰਧੀ ਮੁਨਾਦੀ ਵੀ ਕਰਵਾਈ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਅੱਜ ਇਥੋਂ ਪਾਣੀ ਦੇ ਸੈਂਪਲ ਵੀ ਭਰੇ ਗਏ ਹਨ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਦੂਸ਼ਿਤ ਪਾਣੀ ਰਲਣ ਵਾਲੀ ਥਾਂ ਦੀ ਭਾਲ ਕਰ ਕੇ ਸਮੱਸਿਆ ਦਾ ਹੱਲ ਕਰਵਾ ਦਿੱਤਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਲਟਾਣਾ ਦੀ ਏਕਤਾ ਵਿਹਾਰ, ਸਦਾਸ਼ਿਵ ਐਨਕਲੇਵ ਅਤੇ ਰਵਿੰਦਰਾ ਐਨਕਲੇਵ ਕਲੋਨੀ ਵਿੱਚ ਦੂਸ਼ਿਤ ਪਾਣੀ ਕਾਰਨ ਹੈਜ਼ਾ ਫੈ਼ਲ ਗਿਆ ਹੈ। ਇਥੇ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਪੀਣ ਵਾਲੇ ਪਾਣੀ ਵਿੱਚ ਰਲ ਰਿਹਾ ਹੈ। ਸਿੱਟੇ ਵਜੋਂ ਇਥੇ ਐਤਵਾਰ ਤੋਂ ਲੋਕਾਂ ਨੂੰ ਪੇਟ ਦਰਦ, ਦਸਤ, ਉਲਟੀਆਂ ਤੇ ਬੁਖ਼ਾਰ ਦੀ ਸ਼ਿਕਾਇਤ ਆਉਣੀ ਸ਼ੁਰੂ ਹੋਈ ਸੀ। ਸ਼ੁਰੂਆਤੀ ਦੌਰ ਵਿੱਚ ਪ੍ਰਸ਼ਾਸਨ ਨੇ ਇਸ ਨੂੰ ਗੰਭੀਰਤਾਂ ਨਾਲ ਨਹੀਂ ਲਿਆ, ਪਰ ਇਥੇ ਲੋਕਾਂ ਦੀ ਤਬੀਅਤ ਵਿਗੜਨ ’ਤੇ ਉਨ੍ਹਾਂ ਨੂੰ ਪੰਚਕੂਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਐਤਵਾਰ ਨੂੰ ਇਕ ਤਿੰਨ ਸਾਲ ਦੀ ਬੱਚੀ ਸੁਨੈਨਾ ਤੇ ਸੋਮਵਾਰ ਨੂੰ ਰਵਿੰਦਰ ਕੁਮਾਰ (30) ਦੀ ਮੌਤ ਹੋ ਗਈ ਸੀ। ਸਿਹਤ ਵਿਭਾਗ ਵੱਲੋਂ ਕਰਵਾਏ ਗਏ ਸਰਵੇਖਣ ਦੌਰਾਨ ਇਥੇ ਕੁਲ 171 ਮਰੀਜ਼ ਹੋਰ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚਾਰੇ ਮਰੀਜ਼ਾਂ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੀਣ ਵਾਲੇ ਪਾਣੀ ’ਚ ਦੂਸ਼ਿਤ ਪਾਣੀ ਦੀ ਹੋ ਰਹੀ ਮਿਲਾਵਟ ਦੂਰ ਕੀਤੀ: ਕੌਂਸਲ ਪ੍ਰਧਾਨ
ਇਸ ਬਾਰੇ ਗੱਲ ਕਰਨ ’ਤੇ ਕੌਂਸਲ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਏਕਤਾ ਵਿਹਾਰ ਕਲੋਨੀ ਵਿੱਚ ਮਕਾਨ ਨੰਬਰ 249 ਦੇ ਨੇੜੇ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਰਲ ਰਿਹਾ ਸੀ, ਜਿਸਦੀ ਭਾਲ ਕਰ ਠੀਕ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਲੋਨੀ ਵਿੱਚ ਪੰਦਰਾਂ ਸਾਲ ਪੁਰਾਣੀਆਂ ਪਾਈਪਾਂ ਪਈਆਂ ਹੋਣ ਕਾਰਨ ਇਹ ਸਮੱਸਿਆ ਆਈ ਹੈ। ਇਹ ਪਾਈਪਾਂ ਥਾਂ-ਥਾਂ ਤੋਂ ਲੀਕ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਦੂਸ਼ਿਤ ਪਾਣੀ ਮਿਕਸ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਮੱਸਿਆ ਦਾ ਹੱਲ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।