ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 30 ਜੁਲਾਈ
‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਨੇ ਬਲੌਂਗੀ ਪੁਲੀਸ ਦੇ ਸਹਿਯੋਗ ਨਾਲ ਅੱਜ ਸਵੇਰੇ ਕਾਰਵਾਈ ਕਰਦਿਆਂ ਬਲੌਂਗੀ ਕੋਲ ਇਕ ਟੈਂਪੂ ਨੂੰ ਰੋਕ ਕੇ ਉਸ ’ਚੋਂ 6 ਕੁਇੰਟਲ 80 ਕਿੱਲੋ ਮਿਲਾਵਟੀ ਪਨੀਰ ਬਰਾਮਦ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਰਾਹੀਂ ਸ਼ਿਕਾਇਤ ਮਿਲੀ ਸੀ ਕਿ ਹਰਿਆਣਾ ਤੋਂ ਬੜਮਾਜਰਾ ’ਚ ਕਥਿਤ ਮਿਲਾਵਟੀ ਪਨੀਰ ਦੀ ਸਪਲਾਈ ਹੋ ਰਹੀ ਹੈ, ਜੋ ਅੱਗੇ ਦੁਕਾਨਾਂ ’ਚ ਵੇਚਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੇ ਧਿਆਨ ਵਿੱਚ ਲਿਆ ਕੇ ਸਿਹਤ ਵਿਭਾਗ ਦੀ ਜਾਂਚ ਟੀਮ ਦਾ ਗਠਨ ਕੀਤਾ ਗਿਆ ਤੇ ਅੱਜ ਤੜਕੇ ਬੜਮਾਜਰਾ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸਿਹਤ ਵਿਭਾਗ ਤੇ ਪੁਲੀਸ ਦੀ ਸਾਂਝੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਇਕ ਟੈਂਪੂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਟੈਂਪੂ ’ਚੋਂ 680 ਕਿੱਲੋ ਪਨੀਰ ਬਰਾਮਦ ਕੀਤਾ ਗਿਆ। ਜਿਸ ਦੀ ਕੀਮਤ ਡੇਢ ਲੱਖ ਰੁਪਏ ਬਣਦੀ ਹੈ। ਟੈਂਪੂ ਚਾਲਕ ਅਨੁਸਾਰ ਉਹ ਹਰਿਆਣਾ ਤੋਂ ਪਨੀਰ ਲਿਆ ਕੇ ਬੜਮਾਜਰਾ ਵਿੱਚ ਵੇਚਣ ਲਈ ਜਾ ਰਿਹਾ ਸੀ। ਡਾ. ਸੁਭਾਸ਼ ਮੁਤਾਬਕ ਪਨੀਰ ਦੀ ਖੇਪ ਨੂੰ ਸੀਜ਼ ਕਰ ਲਿਆ ਗਿਆ ਹੈ ਤੇ ਪਨੀਰ ਦੇ ਸੈਂਪਲ ਲੈ ਕੇ ਫੂਡ ਸੇਫ਼ਟੀ ਲੈਬਾਰਟਰੀ ’ਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੈਂਪਲ ਦੀ ਜਾਂਚ ਰਿਪੋਰਟ ਮਿਲਣ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਡਾ. ਸੁਭਾਸ਼ ਨੇ ਕਿਹਾ ਕਿ ਦੁਕਾਨਦਾਰਾਂ ਲਈ ਖਾਣ-ਪੀਣ ਦੀਆਂ ਚੀਜ਼ਾਂ ਬਣਾਉਣ ਤੇ ਵੇਚਣ ਲਈ ਰਜਿਸਟਰੇਸ਼ਨ ਕਰਾਉਣਾ ਲਾਜ਼ਮੀ ਹੈ। ਜਿਨ੍ਹਾਂ ਨੇ ਇਹ ਰਜਿਸਟਰੇਸ਼ਨ ਨਹੀਂ ਕਰਵਾਈ, ਉਹ ਸਿਵਲ ਸਰਜਨ ਦਫ਼ਤਰ ’ਚ ਫੂਡ ਸੇਫ਼ਟੀ ਵਿੰਗ ਕੋਲ ਪਹੁੰਚ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਮੋਬਾਈਲ ਫੂਡ ਸੇਟਫ਼ੀ ਵੈਨ ਉਪਲਬਧ ਹੈ, ਜਿਸ ਰਾਹੀਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ ਤੇ ਲੋਕ ਦੁੱਧ, ਘੀ ਜਾਂ ਹੋਰ ਚੀਜ਼ਾਂ ਦੇ ਮਿਆਰ ਦੀ ਪਰਖ ਮੁਫ਼ਤ ਕਰਵਾ ਸਕਦੇ ਹਨ। ਚੈਕਿੰਗ ਟੀਮ ਵਿੱਚ ਫੂਡ ਸੇਫ਼ਟੀ ਅਫ਼ਸਰ ਰਵੀਨੰਦਨ ਗੋਇਲ, ਲਵਪ੍ਰੀਤ ਸਿੰਘ ਸ਼ਾਮਲ ਸਨ।