ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਗਸਤ
ਚੰਡੀਗੜ੍ਹ ਪੁਲੀਸ ਨੇ ਲੋਕਾਂ ਨੂੰ ਗਲਤ ਢੰਗ ਨਾਲ ਫਸਾਉਣ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜਸਥਾਨ ਤੋਂ 6 ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਤੋਂ ਤਿੰਨ ਲੈਪਟਾਪ, 13 ਮੋਬਾਈਲ ਫੋਨ, ਚੈਕਬੁੱਕ, 66 ਹਜ਼ਾਰ ਰੁਪਏ ਨਕਦ ਅਤੇ ਹੋਰ ਜ਼ਰੂਰੀ ਦਸਤਾਵੇਜ਼ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਅਲੀਸ਼ੇਰ (24), ਸਾਜਿਦ (19), ਤਲਾਹ (20), ਸਾਹਿਬ (19) ਤੇ ਸਤੀਸ਼ (24) ਵਾਸੀ ਰਾਜਸਥਾਨ ਅਤੇ ਅਲਤਾਫ (19) ਵਾਸੀ ਹਰਿਆਣਾ ਵਜੋਂ ਹੋਈ ਹੈ। ਚੰਡੀਗੜ੍ਹ ਪੁਲੀਸ ਦੀ ਟੀਮ ਨੇ ਪਹਿਲਾਂ ਕਾਬੂ ਕੀਤੇ ਤਿੰਨ ਮੈਂਬਰਾਂ ਤੋਂ ਪੁੱਛ ਪੜਤਾਲ ਦੇ ਆਧਾਰ ’ਤੇ ਰਾਜਸਥਾਨ ਵਿੱਚ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਤੇ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮੁਲਜ਼ਮਾਂ ਵੱਲੋਂ ਸੋਸ਼ਲ ਮੀਡੀਆ ’ਤੇ ਲੜਕੀਆਂ ਦੀ ਆਈਡੀ ਬਣਾ ਕੇ ਨੌਜਵਾਨਾਂ ਨਾਲ ਦੋਸਤੀ ਕੀਤੀ ਜਾ ਰਹੀ ਸੀ। ਉਸ ਤੋਂ ਬਾਅਦ ਗਰੋਹ ਦੀ ਮੈਂਬਰ ਲੜਕੀਆਂ ਰਾਹੀਂ ਵੀਡੀਓ ਕਾਲਿੰਗ ਕਰਕੇ ਰਿਕਾਰਡਿੰਗ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਮੁਲਜ਼ਮਾਂ ਵੱਲੋਂ ਨੌਜਵਾਨਾਂ ਨੂੰ ਵੀਡੀਓ ਦਿਖਾ ਕੇ ਬਲੈਕਮੇਲ ਕੀਤਾ ਜਾਂਦਾ ਸੀ। ਮੁਲਜ਼ਮਾਂ ਵੱਲੋਂ ਨੌਜਵਾਨਾਂ ਨੂੰ ਬਲੈਕਮੇਲ ਕਰਕੇ ਭਾਰੀ ਵਸੂਲੀ ਕੀਤੀ ਜਾ ਰਹੀ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਹਿਲਾਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੁਣ 6 ਹੋਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਦਾ 25-30 ਜਣਿਆਂ ਦਾ ਗਰੁੱਪ ਹੈ, ਜੋ ਕਿ ਮਿਲ ਕੇ ਰੈਕੇਟ ਚਲਾਉਂਦੇ ਹਨ ਅਤੇ ਬਾਕੀ ਮੁਲਜ਼ਮ ਵੀ ਜਲਦੀ ਕਾਬੂ ਕੀਤੇ ਜਾਣਗੇ।