ਆਤਿਸ਼ ਗੁਪਤਾ
ਚੰਡੀਗੜ੍ਹ, 11 ਨਵੰਬਰ
ਚੰਡੀਗੜ੍ਹ ਸ਼ਹਿਰ ਨੂੰ ਅਤਿ-ਆਧੁਨਿਕ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਬੱਸਾਂ ਵਿੱਚੋਂ 5 ਬੱਸਾਂ ਦੀ ਪਹਿਲੀ ਖੇਪ ਵੀਰਵਾਰ ਨੂੰ ਸ਼ਾਮ ਸਮੇਂ ਚੰਡੀਗੜ੍ਹ ਸੀਟੀਯੂ ਦੇ ਵਿਹੜੇ ’ਚ ਪਹੁੰਚ ਗਈ ਹੈ ਜਦਕਿ 6 ਹੋਰ ਬੱਸਾਂ ਸ਼ੁਕਰਵਾਰ ਨੂੰ ਪਹੁੰਚ ਜਾਣਗੀਆਂ। ਸ਼ਹਿਰ ਵਿੱਚ ਚੱਲਣ ਵਾਲੀਆਂ ਇਲੈਕਟ੍ਰਿਕ ਬੱਸਾਂ ਨੂੰ ਸ਼ਨਿਚਰਵਾਰ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਤੋਂ ਪਹਿਲਾਂ ਵੀ ਸਤੰਬਰ ਮਹੀਨੇ ਤੋਂ ਇਕ ਬੱਸ ਟਰਾਇਲ ਲਈ ਚੰਡੀਗੜ੍ਹ ’ਚ ਚਲਾਈ ਗਈ ਸੀ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕੁੱਲ 40 ਇਲੈਕਟ੍ਰਿਕ ਬੱਸਾਂ ਚਲਾਉਣ ਲਈ ਪ੍ਰਵਾਨਗੀ ਦਿੱਤੀ ਸੀ। 20 ਬੱਸਾਂ ਪਹਿਲੇ ਪੜਾਅ ’ਚ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 12 ਬੱਸਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਜਦਕਿ ਹੋਰ 8 ਬੱਸਾਂ ਦਸੰਬਰ ਮਹੀਨੇ ਦੇ ਆਖੀਰ ਤੱਕ ਚੰਡੀਗੜ੍ਹ ਪਹੁੰਚ ਜਾਣਗੀਆਂ। ਇਨ੍ਹਾਂ ਨੂੰ ਚੜ੍ਹਦੇ ਸਾਲ ਵਿੱਚ ਸਿਟੀ ਬਿਊਟੀਫੁੱਲ ਦੀਆਂ ਸੜਕਾਂ ’ਤੇ ਦੌੜਾਉਣ ਲਈ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਨਵੀਂ ਇਲੈਕਟ੍ਰਿਕ ਬੱਸ ਵਿੱਚ 36 ਸਵਾਰੀਆਂ ਇਕ ਸਮੇਂ ’ਚ ਬੈਠ ਸਕਦੀਆਂ ਹਨ। ਬੱਸ ਨੂੰ ਤਿੰਨ ਘੰਟੇ ਵਿੱਚ ਚਾਰਜ ਕੀਤਾ ਜਾ ਸਕੇਗਾ ਜਿਸ ਨੂੰ ਚਾਰਜ ਕਰਕੇ 130 ਤੋਂ 140 ਕਿੱਲੋਮੀਟਰ ਸਫ਼ਰ ਤੈਅ ਕਰੇਗੀ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ ਕੰਪਨੀ ਨੂੰ 60 ਰੁਪਏ ਪ੍ਰਤੀ ਕਿੱਲੋ ਮੀਟਰ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਸੀਟੀਯੂ ਕੋਲ ਕੁੱਲ 514 ਬੱਸਾਂ ਹਨ ਜਿਨ੍ਹਾਂ ਵਿੱਚ 361 ਲੋਕਲ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦੌੜ ਰਹੀਆਂ ਹਨ ਜਦਕਿ 153 ਬੱਸਾਂ ਅੰਤਰ-ਰਾਜੀ ਰੂਟਾਂ ’ਤੇ ਦੌੜ ਰਹੀਆਂ ਹਨ।