ਟ੍ਰਾਈਸਿਟੀ ’ਚ ਕਰੋਨਾ ਦੇ 446 ਨਵੇਂ ਮਰੀਜ਼; 6 ਦੀ ਮੌਤ

ਟ੍ਰਾਈਸਿਟੀ ’ਚ ਕਰੋਨਾ ਦੇ 446 ਨਵੇਂ ਮਰੀਜ਼; 6 ਦੀ ਮੌਤ

ਕੁਲਦੀਪ ਸਿੰਘ
ਚੰਡੀਗੜ੍ਹ, 27 ਸਤੰਬਰ

ਚੰਡੀਗੜ੍ਹ ’ਚ ਕਰੋਨਾਵਾਇਰਸ ਨੇ ਅੱਜ 173 ਹੋਰ ਨਵੇਂ ਮਰੀਜ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਜਿਸ ਦੌਰਾਨ ਮਰੀਜ਼ਾਂ ਦਾ ਕੁੱਲ ਅੰਕੜਾ 11,553 ’ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਅੱਜ ਦੋ ਮਰੀਜ਼ਾਂ ਦੀਆਂ ਮੌਤਾਂ ਹੋਣ ਦਾ ਵੀ ਸਮਾਂਚਾਰ ਹੈ। ਰਾਮਦਰਬਾਰ ਵਾਸੀ 70 ਸਾਲਾ ਔਰਤ ਦੀ ਪੀਜੀਆਈ ਵਿੱਚ ਮੌਤ ਹੋ ਗਈ ਜਦੋਂਕਿ ਸੈਕਟਰ-52 ਦੇ ਵਾਸੀ 81 ਸਾਲਾ ਵਿਅਕਤੀ ਦੀ ਜੀ.ਐੱਮ.ਸੀ.ਐੱਚ.-32 ਵਿੱਚ ਮੌਤ ਹੋ ਗਈ। ਇਹ ਦੋਵੇਂ ਮਰੀਜ਼ ਹੋਰ ਵੀ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ। ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਹੋਰ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਰੈਪਿਡ ਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਆਏ ਨਵੇਂ ਕਰੋਨਾ ਮਰੀਜ਼ ਸੈਕਟਰ 5, 7, 8, 9, 10, 11, 14, 15, 16, 18, 19, 20, 21, 22, 23, 24, 25, 26, 27, 28, 29, 30, 32, 33, 35, 36, 37, 38, 38-ਵੈਸਟ, 39 ,40, 41, 42, 43, 44, 45, 46, 47, 48, 49, 50, 51, 52, 56, 63, ਬਾਪੂਧਾਮ ਕਾਲੋਨੀ, ਬਹਿਲਾਣਾ, ਡੱਡੂਮਾਜਰਾ, ਦੜੂਆ, ਧਨਾਸ, ਹੱਲੋਮਾਜਰਾ, ਕਜਹੇੜੀ, ਖੁੱਡਾ ਜੱਸੂ, ਖੁੱਡਾ ਲਾਹੌਰਾ, ਮਲੋਇਆ, ਮਨੀਮਾਜਰਾ, ਮੌਲੀ ਜਾਗਰਾਂ, ਪੀ.ਜੀ.ਆਈ. ਕੈਂਪਸ, ਰਾਏਪੁਰ ਖੁਰਦ ਦੇ ਵਸਨੀਕ ਹਨ। ਕੁੱਲ 173 ਵਿਅਕਤੀਆਂ ਨੂੰ ਕਰੋਨਾ ਦੀ ਪੁਸ਼ਟੀ ਹੋਣ ਉਪਰੰਤ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 11,553 ਹੋ ਗਈ ਹੈ। ਅੱਜ ਡਿਸਚਾਰਜ ਹੋ ਚੁੱਕੇ 166 ਹੋਰ ਮਰੀਜ਼ਾਂ ਸਣੇ ਹੁਣ ਤੱਕ 9103 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2303 ਹੋ ਗਈ ਹੈ।

ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ) ਮੁਹਾਲੀ ਜ਼ਿਲ੍ਹੇ ’ਚ ਐਤਵਾਰ ਨੂੰ 160 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 9992 ਹੋ ਗਈ ਹੈ। ਅੱਜ ਤਿੰਨ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਤੇ ਹੁਣ ਤੱਕ 183 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ 264 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਤਿੰਨ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸੈਦਪੁਰਾ ਦੇ 49 ਸਾਲਾ ਪੁਰਸ਼ ਦੀ ਮੌਤ ਹੋ ਗਈ। ਉਹ ਰਜਿੰਦਰ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਸੀ ਤੇ ਪਹਿਲਾਂ ਤੋਂ ਹੀ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੇ ਰੋਗ ਤੋਂ ਪੀੜਤ ਸੀ। ਹਸਪਤਾਲ ’ਚ ਜੇਰੇ ਇਲਾਜ ਪਿੰਡ ਬਲਟਾਣਾ ਦੇ 53 ਸਾਲਾ ਪੁਰਸ਼ ਨੇ ਵੀ ਦਮ ਤੋੜ ਦਿੱਤਾ। ਉਹ ਵੀ ਬਲੱਡ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀ। ਮੈਕਸ ਹਸਪਤਾਲ ਵਿੱਚ ਦਾਖ਼ਲ ਡੇਰਾਬੱਸੀ ਦੇ 72 ਸਾਲਾ ਬਜ਼ੁਰਗ ਦੀ ਮੌਤ ਵੀ ਕਰੋਨਾ ਨਾਲ ਹੋ ਗਈ। ਇਹ ਵੀ ਪਹਿਲਾਂ ਤੋਂ ਹੀ ਬਲੱਡ ਸ਼ੂਗਰ, ਅਨੀਮੀਆ ਤੋਂ ਪੀੜਤ ਸੀ।

ਪੰਚਕੂਲਾ (ਪੀਪੀ ਵਰਮਾ) ਪਿਛਲੇ 24 ਘੰਟਿਆਂ ਦੌਰਾਨ ਪੰਚਕੂਲਾ ਵਿੱਚ 113 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 67 ਪੰਚਕੂਲਾ ਜ਼ਿਲ੍ਹੇ ਦੇ ਹਨ ਤੇ ਬਾਕੀ ਕਰੋਨਾ ਪਾਜ਼ੇਟਿਵ ਬਾਹਰਲੇ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਇੱਕ ਮੌਤ ਵੀ ਹੋ ਗਈ ਹੈ। ਮਰਨ ਵਾਲਾ ਵਿਅਕਤੀ ਪਿੰਡ ਨੱਗਲ ਦਾ ਰਹਿਣ ਵਾਲਾ ਸੀ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੇ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ। ਉਨ੍ਹਾਂ ਕਿਹਾ ਕਿ ਕਰੋਨਾ ਪਾਜ਼ੇਟਿਵ ਮਰੀਜ਼ ਵੱਖ-ਵੱਖ ਸੈਕਟਰਾਂ ਤੇ ਪੇਂਡੂ ਖੇਤਰਾਂ ਵਿੱਚੋਂ ਆਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰੋਨਾ ਤੋਂ ਪ੍ਰਭਾਵਿਤ ਸਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ’ਚ ਦਾਖਲ ਕਰਵਾਇਆ ਜਾ ਰਿਹਾ ਹੈ। ਸਿਹਤ ਵਿਭਾਗ ਇਨ੍ਹਾਂ ਸਾਰੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਅਲੱਗ-ਅਲੱਗ ਕਰਨ ਦੀ ਪ੍ਰਕਿਰਿਆ ਵਿੱਚ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All