ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਨਵੰਬਰ
ਚੰਡੀਗੜ੍ਹ ਦੇ ਸਨਅਤੀ ਏਰੀਆ ਵਿੱਚ 10 ਅਕਤੂਬਰ ਨੂੰ ਸੋਪੂ ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੀ ਹੱਤਿਆ ਮਾਮਲੇ ਵਿੱਚ ਸੰਗਰੂਰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਦਿਲਪ੍ਰੀਤ ਬਾਬਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਸੀ। ਇਸੇ ਦੌਰਾਨ ਚੰਡੀਗੜ੍ਹ ਪੁਲੀਸ ਨੇ ਬਾਬਾ ਦੀ ਨਿਸ਼ਾਨਦੇਹੀ ’ਤੇ ਚਾਰ ਪਿਸਤੌਲਾਂ ਬਰਾਮਦ ਕੀਤੀਆਂ ਹਨ। ਦਿਲਪ੍ਰੀਤ ਬਾਬਾ ਨੇ ਦੱਸਿਆ ਕਿ ਊਸ ਨੇ ਲਾਰੈਂਸ ਬਿਸ਼ਨੋਈ ਗਰੋਹ ਤੋਂ ਬਦਲਾ ਲੈਣ ਲਈ ਭਾਰੀ ਮਾਤਰਾ ਵਿੱਚ ਅਸਲਾ ਮੱਧ ਪ੍ਰਦੇਸ਼ ਤੋਂ ਮੰਗਵਾਇਆ ਸੀ। ਇਨ੍ਹਾਂ ਵਿੱਚੋਂ ਇਕ ਪਿਸਤੌਲ ਮੁਲਜ਼ਮ ਗੁਰਦੀਪ ਸਿੰਘ ਤੋਂ ਬਰਾਮਦ ਕੀਤਾ ਗਿਆ ਹੈ ਜਦਕਿ ਤਿੰਨ ਪਿਸਤੌਲ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਜ਼ਦੀਕ ਗੰਦੇ ਨਾਲੇ ਕੋਲੋਂ ਬਰਾਮਦ ਕੀਤੇ ਗਏ ਹਨ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਸਾਲ 2017 ’ਚ ਪੰਜਾਬ ਦੇ ਕੋਟਕਪੂਰਾ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਵੀ ਦਿਓਰਾ ਦੀ ਹੱਤਿਆ ਕਰ ਦਿੱਤੀ ਸੀ ਜਿਸ ਵਿੱਚ ਗੁਰਲਾਲ ਬਰਾੜ ਦੀ ਸ਼ਮੂਲੀਅਤ ਵੀ ਸੀ। ਇਸੇ ਦਾ ਬਦਲਾ ਲੈਣ ਲਈ ਗੁਰਲਾਲ ਬਰਾੜ ਦੀ ਹੱਤਿਆ ਕਰ ਦਿੱਤੀ ਗਈ। ਦਿਲਪ੍ਰੀਤ ਬਾਬਾ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੁਰਲਾਲ ਬਰਾੜ ਊੱਤੇ ਨੀਰਜ ਗੁਪਤਾ ਅਤੇ ਅਜੇ ਵਾਸੀ ਫਰੀਦਕੋਟ ਨੇ ਗੋਲੀ ਚਲਾਈ ਸੀ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਛਾਪੇ ਮਾਰ ਰਹੀ ਹੈ। ਪੁਲੀਸ ਨੇ ਦੱਸਿਆ ਕਿ ਦਿਲਪ੍ਰੀਤ ਬਾਬਾ ਦੇ ਖ਼ਿਲਾਫ਼ ਚੰਡੀਗੜ੍ਹ, ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਵਿੱਚ 50 ਤੋਂ ਵੱਧ ਕੇਸ ਦਰਜ ਹਨ ਜਦਕਿ ਗੁਰਦੀਪ ਸਿੰਘ ਨੂੰ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੱਤਿਆ ਕੇਸ ਦਾ ਪਿਛੋਕੜ
ਬੀਤੀ 10 ਅਕਤੂਬਰ ਰਾਤ ਨੂੰ 12.30 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਇੰਡਸਟਰੀਅਲ ਏਰੀਆ ਵਿਚ ਸੋਪੂ ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਸਨ। ਇਸ ਦੌਰਾਨ ਗੁਰਲਾਲ ਬਰਾੜ ਦੀ ਮੌਤ ਹੋ ਗਈ ਸੀ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੇ ਪੰਜ ਟੀਮਾਂ ਬਣਾ ਕੇ ਪੜਤਾਲ ਕੀਤੀ ਤਾਂ ਮੁਲਜ਼ਮਾਂ ਦੀ ਸ਼ਨਾਖਤ ਸੰਭਵ ਹੋ ਸਕੀ।