ਨਵਕਿਰਨ ਸਿੰਘ
ਮਹਿਲ ਕਲਾਂ, 9 ਸਤੰਬਰ
ਇੱਥੋਂ ਨੇੜਲੇ ਪਿੰਡ ਚੰਨਣਵਾਲ ਵਿੱਚ ਆਰਥਿਕ ਤੰਗੀ ਕਾਰਨ ਦਲਿਤ ਪਰਿਵਾਰ ਨਾਲ ਸਬੰਧਤ ਇੱਕ ਖੇਤ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਏਦੀਪ ਸਿੰਘ (31) ਪੁੱਤਰ ਮੇਵਾ ਸਿੰਘ ਵਾਸੀ ਚੰਨਣਵਾਲ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਖਰਚਾ ਤੋਰਦਾ ਸੀ। ਕਰੋਨਾ ਕਾਰਨ ਲੱਗੀ ਤਾਲਾਬੰਦੀ ਦੌਰਾਨ ਕਾਫੀ ਸਮਾਂ ਕੰਮ ਬੰਦ ਰਹਿਣ ਨਾਲ ਉਸ ਦੀ ਆਰਥਿਕ ਹਾਲਤ ਹੋਰ ਵੀ ਕਮਜ਼ੋਰ ਹੋ ਗਈ ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਏਦੀਪ ਦੀ ਪਤਨੀ ਕਮਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ। ਕੋਈ ਪੱਕਾ ਕੰਮ ਨਾ ਮਿਲਣ ਤੇ ਘਰ ਦੇ ਵਿਗੜੇ ਹਾਲਾਤ ਕਾਰਨ ਉਸ ਦੇ ਪਤੀ ਨੇ ਘਰ ਵਿੱਚ ਖੜ੍ਹੇ ਨਿੰਮ ਦੇ ਦਰੱਖ਼ਤ ਨਾਲ ਫਾਹਾ ਲੈ ਲਿਆ। ਥਾਣਾ ਮਹਿਲ ਕਲਾਂ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਮਲਜੀਤ ਕੌਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਗਈ ਹੈ। ਪਿੰਡ ਦੇ ਸਰਪੰਚ ਬੂਟਾ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਘਰ ਦਾ ਇੱਕੋ ਇੱਕ ਕਮਾਊ ਜੀਅ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਗਿਆ ਹੈ। ਇਸ ਲਈ ਹੁਣ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।
ਕੈਪਸ਼ਨ: ਏਦੀਪ ਸਿੰਘ ਦੀ ਫਾਈਲ ਫੋਟੋ।