ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 24 ਫਰਵਰੀ
ਯੂਟੀ ਵਿੱਚ ਤੀਜੀ ਤੋਂ ਗਿਆਰ੍ਹਵੀਂ ਦੀਆਂ ਪ੍ਰੀਖਿਆਵਾਂ 15 ਮਾਰਚ ਤੋਂ ਹੋਣਗੀਆਂ। ਇਨ੍ਹਾਂ ਪ੍ਰੀਖਿਆਵਾਂ ਲਈ ਪ੍ਰੀਖਿਆ ਪੱਤਰ ਤਿਆਰ ਕਰ ਲਏ ਹਨ। ਤੀਜੀ ਤੋਂ ਅੱਠਵੀਂ, ਨੌਵੀਂ ਤੇ ਗਿਆਰ੍ਹਵੀਂ ਦੀਆਂ ਪ੍ਰੀਖਿਆਵਾਂ ਆਫਲਾਈਨ ਹੋਣਗੀਆਂ। ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਸੀਬੀਐੱਸਈ ਦੀ ਤਰਜ਼ ’ਤੇ ਕਰਵਾਈਆਂ ਜਾਣਗੀਆਂ ਤੇ ਇਸੇ ਆਧਾਰ ’ਤੇ ਵਿਦਿਆਰਥੀਆਂ ਨੂੰ ਅੰਕ ਦਿੱਤੇ ਜਾਣਗੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਫਾਈਨਲ ਡੇਟ ਸ਼ੀਟ ਪ੍ਰੀਖਿਆਵਾਂ ਤੋਂ ਦਸ ਦਿਨ ਪਹਿਲਾਂ ਜਾਰੀ ਕੀਤੀ ਜਾਵੇਗੀ। ਤੀਜੀ ਤੋਂ ਅੱਠਵੀਂ ਜਮਾਤਾਂ ਦੇ ਨਤੀਜੇ 8 ਜਦਕਿ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਨਤੀਜੇ 12 ਅਪਰੈਲ ਨੂੰ ਜਾਰੀ ਕੀਤੇ ਜਾਣਗੇ।
ਅੱਧੇ ਸਿਲੇਬਸ ਦੀ ਲਈ ਜਾਵੇਗੀ ਪ੍ਰੀਖਿਆ
ਉਕਤ ਜਮਾਤਾਂ ਦੀ ਪ੍ਰੀਖਿਆ ਅੱਧੇ ਸਿਲੇਬਸ ਵਿਚੋਂ ਲਈ ਜਾਵੇਗੀ। ਤੀਜੀ ਤੋਂ ਅੱਠਵੀਂ ਜਮਾਤ ਦੀ ਪ੍ਰੀਖਿਆ ਤਿੰੰਨ ਘੰਟੇ ਦੀ ਹੋਵੇਗੀ ਜਦਕਿ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੀ ਪ੍ਰੀਖਿਆ ਦੋ ਘੰਟੇ ਦੀ ਹੋਵੇਗੀ। ਨੌਵੀਂ ਤੇ ਗਿਆਰ੍ਹਵੀਂ ਜਮਾਤ ਦਾ ਪੇਪਰ 50 ਅੰਕਾਂ ਦਾ ਹੋਵੇਗਾ। ਇਸ ਵਿਚ 40 ਅੰਕ ਪ੍ਰੀਖਿਆ ਦੇ ਤੇ 10 ਅੰਕ ਪ੍ਰੈਕਟੀਕਲ ਦੇ ਦਿੱਤੇ ਜਾਣਗੇ।