ਕੁਲਦੀਪ ਸਿੰਘ
ਚੰਡੀਗੜ੍ਹ, 22 ਅਪਰੈਲ
ਸਿਟੀ ਬਿਊਟੀਫੁੱਲ ਵਿੱਚ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਰੋਨਾ ਮਹਾਮਾਰੀ ਕਾਰਨ ਕੀਤੀ ਗਈ ਹਫ਼ਤਾਵਰੀ ਤਾਲਾਬੰਦੀ ਦਾ ਅੱਜ ਵੱਖ-ਵੱਖ ਟਰੇਡ ਯੂਨੀਅਨਾਂ, ਵਪਾਰਕ, ਵਿਦਿਆਰਥੀ ਅਤੇ ਨੌਜਵਾਨ ਸੰਗਠਨਾਂ ਨੇ ਸੈਕਟਰ 17 ਵਿੱਚ ਰੋਸ ਪ੍ਰਦਰਸ਼ਨ ਕਰਕੇ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਵੱਲੋਂ ‘ਕਾਫ਼ੀ ਹੈ ਦੋ ਗਜ਼ ਦੀ ਦੂਰੀ – ਤਾਲ਼ਾਬੰਦੀ ਨਹੀਂ ਜ਼ਰੂਰੀ’, ‘ਇੰਤਜ਼ਾਮ ਵਧਾਓ – ਸ਼ਹਿਰ ਬਚਾਓ’ ਵਰਗੇ ਸਲੋਗਨਾਂ ਨਾਲ ਆਪਣੇ ਰੋਸ ਦਾ ਇਜ਼ਹਾਰ ਕੀਤਾ ਗਿਆ। ਇਸੇ ਦੌਰਾਨ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਨਾਂ ਮੰਗ ਪੱਤਰ ਵੀ ਭੇਜਿਆ ਗਿਆ।
ਰੋਸ ਪ੍ਰਦਰਸ਼ਨ ਨੂੰ ਫਾਸਵੇਕ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ, ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਚਰਨਜੀਤ ਸਿੰਘ, ਏਕਟੂ ਚੰਡੀਗੜ੍ਹ ਦੇ ਪ੍ਰਧਾਨ ਕੰਵਲਜੀਤ ਸਿੰਘ, ਏਟਕ ਦੇ ਪ੍ਰਧਾਨ ਰਾਜ ਕੁਮਾਰ, ਇੰਟਕ ਤੋਂ ਘਨੱਈਆ ਲਾਲ, ਸੀਟੂ ਪੰਜਾਬ ਦੇ ਪ੍ਰਧਾਨ ਸੱਜਣ ਸਿੰਘ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ, ਇੰਦਰਜੀਤ ਸਿੰਘ ਗਰੇਵਾਲ, ਸੈਕਟਰ 46 ਮਾਰਕੀਟ ਦੇ ਪ੍ਰਧਾਨ ਬਲਵਿੰਦਰ ਸਿੰਘ, ਸੈਕਟਰ 17 ਮਾਰਕੀਟ ਤੋਂ ਕਮਲਜੀਤ ਪੰਛੀ, ਵਿਦਿਆਰਥੀ ਜਥੇਬੰਦੀ ਆਈਸਾ ਤੋਂ ਸੌਮਯਾ, ਨੌਜਵਾਨ ਭਾਰਤ ਸਭਾ ਤੋਂ ਮਾਨਵਜੋਤ, ਪੀ.ਐਸ.ਯੂ. ਲਲਕਾਰ ਤੋਂ ਅਮਨਦੀਪ ਕੌਰ ਆਦਿ ਨੇ ਸੰਬੋਧਨ ਕਰਦਿਆਂ ਸ਼ਹਿਰ ਵਿੱਚ ਤਾਲ਼ਾਬੰਦੀ ਨਾ ਕੀਤੇ ਜਾਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਯੂ.ਟੀ. ਪ੍ਰਸ਼ਾਸਨ ਦੇ ਵਾਰ-ਰੂਮ ਦੀ ਮੀਟਿੰਗ ਵਿੱਚ ਅਚਾਨਕ ਕਰ ਦਿੱਤੇ ਜਾਣ ਵਾਲੇ ਫ਼ੈਸਲੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਹਨ ਅਤੇ ਇਹ ਫ਼ੈਸਲੇ ਕੋਵਿਡ ਉਤੇ ਰੋਕ ਲਗਾਉਣ ਦੀ ਬਜਾਏ ਜਨਤਾ ਅਤੇ ਪ੍ਰਸ਼ਾਸਨ ਵਿੱਚ ਟਕਰਾਅ ਦੀ ਸਥਿਤੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਵਾਰ-ਰੂਮ ਖ਼ਤਮ ਕਰਕੇ ਕੁਦਰਤੀ ਪ੍ਰਬੰਧਨ ਦੀ ਕਮੇਟੀ ਬਣਾਈ ਜਾਵੇ, ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਬੈੱਡਾਂ ਦੀ ਜਾਣਕਾਰੀ, ਆਕਸੀਜਨ ਅਤੇ ਐਂਟੀ ਵਾਇਰਲ ਦਵਾਈਆਂ ਦੀ ਉਪਲਬਧਤਾ ਬਾਰੇ ਜਾਣਕਾਰੀ ਕਿਸੇ ਕੇਂਦਰੀਕ੍ਰਿਤ ਇਨਫ਼ਾਰਮੇਸ਼ਨ ਸਿਸਟਮ ਰਾਹੀਂ ਆਮ ਜਨਤਾ ਨੂੰ ਕਰਵਾਈ ਜਾਣੀ ਚਾਹੀਦੀ ਹੈ।