ਮਿਹਰ ਸਿੰਘ
ਕੁਰਾਲੀ, 24 ਅਪਰੈਲ
ਸੀਵਰੇਜ ਦੀ ਪਾਈਪ ਲਾਈਨ ਵਿੱਚ ਪਏ ਵੱਡੇ ਨੁਕਸ ਕਾਰਨ ਕਈ ਮਹੀਨੇ ਪਹਿਲਾਂ ਪੁੱਟੀ ਕੁਰਾਲੀ-ਮੋਰਿੰਡਾ ਰੋਡ ਦੇ ਇੱਕ ਸਾਈਡ ਦੀ ਟਰੈਫਿਕ ਹਾਲੇ ਤੱਕ ਚਾਲੂ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਸ਼ਹਿਰ ਦੀ ਹੱਦ ਅੰਦਰ ਮੋਰਿੰਡਾ ਰੋਡ ’ਤੇ ਮਹਿਕ ਰੈਸਟੋਰੈਂਟ ਨੇੜੇ ਸੀਵਰੇਜ ਲਾਈਨ ਲੀਕ ਹੋਣ ਕਾਰਨ ਵੱਡਾ ਟੋਆ ਬਣ ਗਿਆ ਸੀ ਜਿਸ ਨੂੰ ਠੀਕ ਕਰਨ ਲਈ ਪੁੱਟ ਕੇ ਦੇਖਿਆ ਗਿਆ ਤਾਂ ਸੀਵਰੇਜ ਦੀ ਪਾਈਪ ਲਾਈਨ ਵਿੱਚ ਵੱਡਾ ਨੁਕਸ ਨਿਕਲਿਆ। ਸ਼ਹਿਰੀਆਂ ਦੀ ਸਮੱਸਿਆ ਅਤੇ ਸੜਕ ਤੋਂ ਲੰਘਣ ਵਾਲੇ ਵਾਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੌਂਸਲ ਵੱਲੋਂ ਲੱਖਾਂ ਰੁਪਏ ਦੇ ਖਰਚ ਨੂੰ ਪ੍ਰਵਾਨਗੀ ਦੇ ਕੇ ਇਸ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਗਿਆ, ਪਰ ਨੁਕਸ ਵਧਣ ਕਾਰਨ ਇਹ ਕੰਮ ਸੱਤ ਮਹੀਨਿਆਂ ਤੋਂ ਲਟਕਿਆ ਹੋਇਆ ਹੈ। ਇਸ ਮੌਕੇ ਮੋਰਿੰਡਾ ਰੋਡ ਦੇ ਦੁਕਾਨਦਾਰਾਂ ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਰਾਜੇਸ਼ ਕੁਮਾਰ ਅਤੇ ਹੋਰਨਾਂ ਨੇ ਦੱਸਿਆ ਕਿ ਸੀਵਰੇਜ ਦੀ ਮੁਰੰਮਤ ਲਈ ਸ਼ੁਰੂ ਕੀਤਾ ਕੰਮ ਜੂੰਅ ਦੀ ਰਫ਼ਤਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ਦਾ ਇੱਕ ਹਿੱਸਾ ਬੰਦ ਕੀਤਾ ਹੋਇਆ ਹੈ ਜਦਕਿ ਕਈ ਮਹੀਨਿਆਂ ਤੋਂ ਲਗਾਤਾਰ ਦੋਵਾਂ ਪਾਸਿਆਂ ਦੀ ਟਰੈਫਿਕ ਡਿਵਾਈਡਰ ਦੇ ਇੱਕ ਪਾਸਿਓਂ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦੀ ਸੁਸਤੀ ਕਾਰਨ ਇਹ ਕੰਮ ਲਟਕ ਕੇ ਰਹਿ ਗਿਆ ਜਦਕਿ ਕੰਮ ਲਟਕਣ ਦਾ ਖਾਮਿਆਜ਼ਾ ਉਨ੍ਹਾਂ ਨੂੰ ਕਾਰੋਬਾਰ ਦੇ ਨੁਕਸਾਨ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ। ਇਸੇ ਤਰ੍ਹਾਂ ਮੋਰਿੰਡਾ ਰੋਡ ਦੀਆਂ ਕਈ ਕਲੋਨੀਆਂ ਦਾ ਰਸਤਾ ਬੰਦ ਹੋਣ ਕਾਰਨ ਲੋਕਾਂ ਨੂੰ ਘੁੰਮ ਕੇ ਆਉਣਾ-ਜਾਣਾ ਪੈ ਰਿਹਾ ਹੈ। ਸ਼ਹਿਰੀਆਂ ਨੇ ਇਸ ਕੰਮ ਨੂੰ ਜਲਦੀ ਮੁਕੰਮਲ ਕਰਨ ਦੀ ਮੰਗ ਕੀਤੀ ਹੈ।
ਕੰਮ ਜਲਦੀ ਮੁਕੰਮਲ ਹੋਵੇਗਾ: ਈਓ
ਕੌਂਸਲ ਦੇ ਕਾਰਜਸਾਧਕ ਅਫ਼ਸਰ ਸੰਗੀਤ ਕੁਮਾਰ ਨੇ ਦੱਸਿਆ ਕਿ ਸੀਵਰੇਜ ਦੀ ਪਾਈਪ ਲਾਈਨ ਦੀ ਮੁਰੰਮਤ ਦਾ ਕੰਮ ਆਖ਼ਰੀ ਪੜਾਅ ’ਚ ਹੈ ਅਤੇ ਇਹ ਕੰਮ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ।