ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 22 ਅਗਸਤ
ਨਗਰ ਨਿਗਮ ਚੰਡੀਗੜ੍ਹ ਨੇ ਆਪਣੇ ਸਫ਼ਾਈ ਕਾਮਿਆਂ ਦੀ ਸਹੂਲਤ ਲਈ ਪਿੰਡ ਧਨਾਸ ਤੇ ਸਾਰੰਗਪੁਰ ਵਿੱਚ ‘ਸਵੱਛਤਾ ਬੂਥ’ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਨਿਗਮ ਵੱਲੋਂ ਸਫ਼ਾਈ ਕਰਮਚਾਰੀਆਂ ਦੀ ਸਿਹਤ ਅਤੇ ਸਾਫ਼-ਸਫ਼ਾਈ ਨੂੰ ਧਿਆਨ ਵਿੱਚ ਰੱਖਦਿਆਂ ਇਹ ਬੂਥ ਪਾਇਲਟ ਪ੍ਰਾਜੈਕਟ ਵਜੋਂ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਪੀਣ ਵਾਲੇ ਪਾਣੀ ਦੇ ਸਹੂਲਤ ਸਮੇਤ ਹੱਥ ਧੋਣ, ਬੈਠਣ ਅਤੇ ਸਫਾਈ ਕਰਮਚਾਰੀਆਂ ਦੇ ਸਾਮਾਨ ਲਈ ਸਟੋਰੇਜ ਆਦਿ ਦੀਆਂ ਵਿਵਸਥਾ ਕੀਤੀ ਜਾਵੇਗੀ।
ਇਸ ਕਾਰਜ ’ਤੇ ਨਗਰ ਨਿਗਮ ਵੱਲੋਂ ਲਗਪਗ 40 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਬਾਰੇ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਚਰਚਾ ਤੋਂ ਬਾਅਦ ਪ੍ਰਵਾਨਗੀ ਦੇ ਦਿੱਤੀ ਗਈ। ਮੇਅਰ ਸਰਬਜੀਤ ਕੌਰ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਅਨੁਮਾਨਤ ਖਰਚਿਆਂ ਵਾਲੇ ਹੋਰ ਮਤਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ।