ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਜੁਲਾਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦੇਸ਼ ਭਰ ਦੇ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਸਕੂਲਾਂ ਨੇ ਸੀਬੀਐੱਸਈ ਵੱਲੋਂ ਕਟੌਤੀ ਕੀਤਾ ਸਿਲੇਬਸ ਪੜ੍ਹਾ ਲਿਆ ਹੈ ਤਾਂ ਉਸ ਸਿਲੇਬਸ ਨੂੰ ਇੰਟਰਨਲ ਅਸੈਸਮੈਂਟ ਦਾ ਹਿੱਸਾ ਬਣਾਇਆ ਜਾਵੇ ਤੇ ਵਿਦਿਆਰਥੀਆਂ ਨੂੰ ਬੋਰਡ ਦੀਆਂ ਸਾਲ 2021 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਬਣਦਾ ਲਾਭ ਦਿੱਤਾ ਜਾਵੇ। ਇਸੇ ਤਰ੍ਹਾਂ ਸਕੂਲ ਕਟੌਤੀ ਕੀਤੇ ਸਿਲੇਬਸ ਦੇ ਵਿਸ਼ਿਆਂ ਨੂੰ ‘ਐਕਸਪੈਰੀਮੈਂਟਲ ਐਂਡ ਪ੍ਰਾਜੈਕਟ ਬੇਸਡ ਲਰਨਿੰਗ’ ਰਾਹੀਂ ਪੜ੍ਹਾ ਸਕਦੇ ਹਨ। ਇਹ ਐੱਨਸੀਈਆਰਟੀ ਦੇ ਅਲਟਰਨੇਟਿਵ ਅਕਾਦਮਿਕ ਕੈਲੰਡਰ ਦਾ ਵੀ ਹਿੱਸਾ ਹੈ। ਬੋਰਡ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧਿਆਪਕਾਂ ਨੂੰ ਐਕਸਪੈਰੀਮੈਂਟਲ ਲਰਨਿੰਗ ਤੇ ਪ੍ਰਾਜੈਕਟ ਬੇਸਡ ਲਰਨਿੰਗ ਦੀ ਸਿਖਲਾਈ ਦੇਣ। ਇਸ ਤੋਂ ਇਲਾਵਾ ਬੋਰਡ ਵੱਲੋਂ ਵੀ ਅਗਲੇ ਹਫ਼ਤੇ ਤੋਂ ਮੁਫ਼ਤ ਆਨਲਾਈਨ ਸਿਖਲਾਈ ਦਿੱਤੀ ਜਾਣੀ ਹੈ, ਜਿਸ ਲਈ ਅਧਿਆਪਕ ਆਪਣੇ ਆਪ ਨੂੰ ਰਜਿਸਟਰਡ ਕਰਨ।
ਦੱਸਣਯੋਗ ਹੈ ਕਿ ਕੋਵਿਡ-19 ਕਾਰਨ ਸਕੂਲ ਬੰਦ ਹਨ ਤੇ ਬੋਰਡ ਨੇ 7 ਜੁਲਾਈ ਨੂੰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦਾ ਤੀਹ ਫੀਸਦ ਸਿਲੇਬਸ ਘਟਾ ਦਿੱਤਾ ਸੀ। ਸੀਬੀਐੱਸਈ ਦੇ ਡਾਇਰੈਕਟਰ ਅਕਾਦਮਿਕ ਡਾ. ਜੋਸਫ ਇਮੈਨੁਅਲ ਨੇ ਸਰਕੁਲਰ ਜਾਰੀ ਕਰਦਿਆਂ ਦੱਸਿਆ ਕਿ ਉਕਤ ਜਮਾਤਾਂ ਦੇ 190 ਵਿਸ਼ਿਆਂ ਦਾ ਸਿਲੇਬਸ ਘਟਾਇਆ ਹੈ। ਇਸ ਸਬੰਧ ਵਿੱਚ ਕਈ ਸਕੂਲਾਂ ਨੇ ਬੋਰਡ ਨੂੰ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਕਿ ਉਨ੍ਹਾਂ ਨੇ ਘਟਾਏ ਗਏ ਸਿਲੇਬਸ ਵਿਚੋਂ ਕਾਫੀ ਕੁਝ ਪੜ੍ਹਾ ਦਿੱਤਾ ਹੈ ਤੇ ਇਹੀ ਸਿਲੇਬਸ ਘਟਾਉਣ ਦਾ ਵਿਦਿਆਰਥੀਆਂ ਨੂੰ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਬੋਰਡ ਨੇ ਸਿਟੀਜ਼ਨਸ਼ਿਪ, ਫੈਡਰਲਿਜ਼ਮ ਤੇ ਹੋਰ ਜ਼ਰੂਰੀ ਵਿਸ਼ਿਆਂ ਨੂੰ ਸਿਲੇਬਸ ਵਿਚੋਂ ਮਨਫੀ ਕਰ ਦਿੱਤਾ ਸੀ ਜਿਸ ਦੀ ਕਾਫੀ ਨਿਖੇਧੀ ਕੀਤੀ ਗਈ ਹੈ।
ਮੁਲਾਂਕਣ ਸਬੰਧੀ ਵੇਰਵੇ ਜਾਰੀ
ਸੀਬੀਐੱਸਈ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਸਨਅਮ ਭਾਰਦਵਾਜ ਨੇ ਆਖਿਆ ਕਿ ਮੁਲਾਂਕਣ ਤੇ ਉੱਤਰ ਪੱਤਰੀਆਂ ਦੀ ਫੋਟੋ ਕਾਪੀ ਕਰਨ ਲਈ ਵਿਦਿਆਰਥੀ ਬੋਰਡ ਦੀ ਵੈੱਬਸਾਈਟ ਤੋਂ ਵੇਰਵੇ ਲੈ ਸਕਦੇ ਹਨ। ਇਸ ਸਬੰਧੀ ਅਰਜ਼ੀ ਤੇ ਫੀਸ ਸਿਰਫ ਆਨਲਾਈਨ ਹੀ ਦਿੱਤੀ ਜਾ ਸਕਦੀ ਹੈ। ਜੇਕਰ ਕਿਸੇ ਵਿਦਿਆਰਥੀ ਦੇ ਮੁਲਾਂਕਣ ਮਗਰੋਂ ਅੰਕ ਵਧਦੇ ਜਾਂ ਘਟਦੇ ਹਨ ਤਾਂ ਉਹ ਅਸਲ ਕਾਪੀਆਂ ਬੋਰਡ ਕੋਲ ਜਮ੍ਹਾਂ ਕਰਵਾਉਣਗੇ। ਅੰਕਾਂ ਦੀ ਪੜਤਾਲ ਲਈ 500 ਰੁਪਏ ਪ੍ਰਤੀ ਵਿਸ਼ਾ ਫੀਸ ਲਈ ਜਾਵੇਗੀ। ਜੇਕਰ ਕਿਸੇ ਵਿਦਿਆਰਥੀ ਨੇ ਕੋਈ ਸਵਾਲ ਦਾ ਦੁਬਾਰਾ ਮੁਲਾਂਕਣ ਕਰਵਾਉਣਾ ਹੈ ਤਾਂ ਉਸ ਨੂੰ ਹਰ ਸਵਾਲ ਦੇ ਸੌ ਰੁਪਏ ਜਮ੍ਹਾਂ ਕਰਵਾਉਣੇ ਪੈਣਗੇ।