ਪੱਤਰ ਪ੍ਰੇਰਕ
ਚੰਡੀਗੜ੍ਹ, 21 ਫ਼ਰਵਰੀ
ਪੰਜਾਬ ਯੂਨੀਵਰਸਿਟੀ ਵਿੱਚ ਅੱਜ ਰਾਸ਼ਟਰੀ ਵਿਗਿਆਨ ਹਫ਼ਤੇ (22 ਤੋਂ 28 ਫਰਵਰੀ 2022) ਦੇ ਜਸ਼ਨਾਂ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸਾਈਕਲ ਰੈਲੀ ਕੱਢੀ ਗਈ ਜਿਸਨੂੰ ਵੀਸੀ ਪ੍ਰੋ. ਰਾਜ ਕੁਮਾਰ ਅਤੇ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੀ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜੋ ਸੁਖਨਾ ਝੀਲ ਪਹੁੰਚ ਕੇ ਸਮਾਪਤ ਹੋਈ। ਪੀ.ਯੂ. ਦੇ ਫੈਲੋ ਪ੍ਰੋ. ਸੁਖਬੀਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਨੇ ਵਿਦਿਆਰਥੀਆਂ ਨੂੰ ਵਿਗਿਆਨ ਹਫ਼ਤੇ ਦੇ ਸਮਾਗਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਇਸ ਸਮਾਗਮ ਦੀ ਸ਼ੁਰੂਆਤ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਡਾ. ਜਤਿੰਦਰ ਅਰੋੜਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸਾਡੇ ਰੋਜ਼ਾਨਾ ਜੀਵਨ ਦੇ ਨਾਲ-ਨਾਲ ਇੱਕ ਸਵੈ-ਨਿਰਭਰ ਭਾਰਤ ਦੇ ਨਿਰਮਾਣ ਦੇ ਇੱਕ ਵਿਸ਼ਾਲ ਦ੍ਰਿਸ਼ਟੀਕੋਣ ਵਿੱਚ ਵੀ ਵਿਗਿਆਨ ਅਤੇ ਤਕਨਾਲੋਜੀ ਦੀ ਸਾਰਥਕਤਾ ਬਾਰੇ ਵੀ ਗੱਲ ਕੀਤੀ। ਸਾਰੇ ਵਿਦਿਆਰਥੀਆਂ ਨੂੰ ਟੀ-ਸ਼ਰਟਾਂ ਅਤੇ ਰਿਫਰੈਸ਼ਮੈਂਟ ਵੰਡੀ ਗਈ। ’ਵਰਸਿਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਫ਼ਤਾ ਭਰ ਚੱਲਣ ਵਾਲੇ ਜਸ਼ਨਾਂ ਵਿੱਚ ਕਈ ਸਮਾਗਮ ਕਰਵਾਏ ਜਾਣਗੇ ਜਿਸ ਦੌਰਾਨ ਉਦਘਾਟਨੀ ਸਮਾਗਮ ਵਿੱਚ ਪੀ.ਯੂ. ਕੈਂਪਸ ਵਿੱਚ ਡੀ.ਆਰ.ਡੀ.ਓ. ਵੱਲੋਂ ਇੱਕ ਪ੍ਰਦਰਸ਼ਨੀ ਵਿਖਾਈ ਜਾਵੇਗੀ। ਹਫ਼ਤੇ ਦੌਰਾਨ ਵਿਗਿਆਨ ਅਤੇ ਤਕਨਾਲੋਜੀ ਦੀ ਮਹੱਤਤਾ ਦੇ ਵੱਖੋ-ਵੱਖਰੇ ਵਿਸ਼ਿਆਂ ’ਤੇ ਫ਼ਿਲਮਾਂ ਦੀ ਸਕਰੀਨਿੰਗ, ਪੁਸਤਕ ਮੇਲੇ, ਪੋਸਟਰ ਮੇਕਿੰਗ ਮੁਕਾਬਲੇ, ਵਾਕਾਥਨ, ਫੋਟੋਗ੍ਰਾਫ਼ੀ ਮੁਕਾਬਲੇ ਅਤੇ ਹੋਰ ਪ੍ਰੋਗਰਾਮ ਕਰਵਾਏ ਜਾਣਗੇ।