ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 6 ਮਾਰਚ
ਸੁਚੇਤਕ ਰੰਗਮੰਚ ਮੁਹਾਲੀ ਵਲੋਂ ਕਰਵਾਏ ਜਾ ਰਹੇ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਦੇ ਪਹਿਲੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ‘ਲਾਕਡਾਊਨ-ਇੱਕ ਪ੍ਰੇਮ ਕਹਾਣੀ’ ਨਾਟਕ ਪੇਸ਼ ਕੀਤਾ ਗਿਆ। ਇਹ ਨਾਟਕ ਬਲਜੀਤ ਸਿੰਘ ਦੇ ਕਰੋਨਾ ਕਾਲ ਦੀ ਮਹਾਮਾਰੀ ਵੇਲੇ ਲਗਾਏ ਗਏ ਲਾੱਕਡਾਊਨ ਦੌਰਾਨ ਲਿਖੇ ਚਰਚਿਤ ਨਾਵਲ ਦਾ ਨਾਟਕੀ ਰੂਪਾਂਤਰ ਹੈ। ਡਾ. ਲੱਖਾ ਲਹਿਰੀ ਵੱਲੋਂ ਨਿਰਦੇਸ਼ਤ ਨਾਟਕ ਪਿਆਰ, ਜਜ਼ਬਾਤ, ਸੰਵੇਦਨਾ ਅਤੇ ਸਾਂਝ ਦੀ ਗੱਲ ਕਰਦਾ ਹੈ। ਇਸ ਮੌਕੇ ਨਾਵਲ ਦੇ ਲੇਖਕ ਬਲਜੀਤ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਨੂੰ ਲੋਕ ਦੂਰਦਰਸ਼ਨ ਦੇ ਚਰਚਿਤ ਪ੍ਰੋਗਰਾਮ ‘ਸੰਦਲੀ ਪੈੜਾਂ’ ਦੇ ਪੇਸ਼ਕਾਰ ਵਜੋਂ ਵੀ ਜਾਣਦੇ ਹਨ। ਇਸ ਨਾਟ-ਉਤਸਵ ਦੇ ਦੂਜੇ ਦਿਨ ਮਿੰਨੀ ਟੈਗੋਰ ਥੀਏਟਰ ਵਿੱਚ ਦੋ ਨਾਟਕ ‘ਚਿੜੀ ਦੀ ਅੰਬਰ ਵੱਲ ਉਡਾਣ’ ਅਤੇ ‘ਜਦੋਂ ਰੌਸ਼ਨੀ ਹੁੰਦੀ ਹੈ’ ਖੇਡੇ ਜਾਣਗੇ।