ਕੁਲਦੀਪ ਸਿੰਘ
ਚੰਡੀਗੜ੍ਹ, 11 ਨਵੰਬਰ
ਪੰਜਾਬ ਯੂਨੀਵਰਸਿਟੀ ਸਟਾਫ (ਨਾਨ-ਟੀਚਿੰਗ) ਐਸੋਸੀਏਸ਼ਨ ਦੀ ਹੋਈ ਚੋਣ ਵਿੱਚ ਅੱਜ ‘ਹਨੀ ਗਰੁੱਪ’ ਨੇ ਬਾਜ਼ੀ ਮਾਰ ਲਈ ਹੈ ਜਦਕਿ ਡਾ. ਸੁਸ਼ੀਲ ਗਰੁੱਪ ਵਿੱਚੋਂ ਸਿਰਫ਼ ਇੱਕ ਹੀ ਮੈਂਬਰ ਇਸ ਚੋਣ ਵਿੱਚ ਜੇਤੂ ਰਿਹਾ। ਇਨ੍ਹਾਂ ਚੋਣਾਂ ਲਈ ਸਹਾਇਕ ਰਿਟਰਨਿੰਗ ਅਫਸਰ ਰਾਜਿੰਦਰ ਕੁਮਾਰ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ ਮੁਤਾਬਕ ਪੀ.ਯੂ. ਦੇ ਅਮਲਾ ਸ਼ਾਖਾ ਦੇ ਸੀਨੀਅਰ ਸਹਾਇਕ ਹਨੀ ਠਾਕੁਰ ਪ੍ਰਧਾਨ ਅਤੇ ਬਲਜਿੰਦਰ ਸਿੰਘ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ ਦੀਪਕ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਰਾਜੀਵ ਕੁਮਾਰ ਪ੍ਰਿੰਸ ਮੀਤ ਪ੍ਰਧਾਨ, ਮਨਜੀਤ ਸਿੰਘ ਸਕੱਤਰ, ਰਾਜ ਕੁਮਾਰ ਰਾਜੂ ਵਿੱਤ ਸਕੱਤਰ ਅਤੇ ਵਰਿੰਦਰ ਸਿੰਘ ਪ੍ਰਚਾਰ ਸਕੱਤਰ ਚੁਣੇ ਗਏ ਹਨ।
ਕਾਰਜਕਾਰਨੀ ਮੈਂਬਰਾਂ ਵਿੱਚ ਅਫ਼ਸਰ ਕਾਂਸਟੀਚੁਐਂਸੀ ਵਿੱਚੋਂ ਸਿਰਫ਼ ਇੱਕ ਮੈਂਬਰ ਰਾਜਨ ਸ਼ਰਮਾ, ਸੁਪਰਡੈਂਟ ਕਾਂਸਟੀਚੁਐਂਸੀ ਵਿੱਚੋਂ ਦੋ ਮੈਂਬਰ ਚੰਦ ਕੁਮਾਰ ਸ਼ਰਮਾ ਤੇ ਸੁਦਰਸ਼ਨ ਸਿੰਘ, ਅਸਿਸਟੈਂਟ ਕਾਂਸਟੀਚੁਐਂਸੀ ਵਿੱਚੋਂ 7 ਮੈਂਬਰ ਡਾ. ਅਕਾਸ਼ ਖੋਸਲਾ, ਗੁਰਜੰਟ ਸਿੰਘ, ਮਾਨਿਕ ਕਪੂਰ, ਸੁਰਿੰਦਰਪਾਲ ਸਿੰਘ, ਅਨੀਤਾ ਸ਼ਰਮਾ, ਜੈ ਪ੍ਰਕਾਸ਼ (ਜੇ.ਪੀ.), ਅਜੇ ਪਾਲ ਜਦਕਿ ਕਲਰਕ ਕਾਂਸਟੀਚੁਐਂਸੀ ਵਿੱਚੋਂ ਚਾਰ ਮੈਂਬਰ ਬਲਵਿੰਦਰ ਸਿੰਘ, ਅਮਿਤ ਗੁਲਾਟੀ, ਹਰਪਾਲ ਸਿੰਘ ਅਤੇ ਸੁਰਿੰਦਰ ਸਿੰਘ ਚੁਣੇ ਗਏ ਹਨ। ਕਲਰਕ ਕਾਂਸਟੀਚੁਐਂਸੀ ਵਿੱਚ ਬਲਵਿੰਦਰ ਸਿੰਘ ਨੇ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਿਲ ਕੀਤੀ।
ਚੋਣ ਜਿੱਤਣ ਮਗਰੋਂ ਜੇਤੂ ਟੀਮ ਦਾ ਫੁੱਲਾਂ ਦੇ ਹਾਰ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਜਿਸ ਉਪਰੰਤ ਸਮੁੱਚੀ ਟੀਮ ਨੇ ਢੋਲ ਢਮੱਕਿਆਂ ਦੀ ਗੂੰਜ ਵਿੱਚ ਪੀ.ਯੂ. ਕੈਂਪਸ ਸਥਿਤ ਰਿਹਾਇਸ਼ੀ ਖੇਤਰ ਵਿੱਚ ਘੁੰਮ ਕੇ ਸਮੂਹ ਵੋਟਰਾਂ ਦਾ ਧੰਨਵਾਦ ਵੀ ਕੀਤਾ।