ਸੰਜੀਵ ਬੱਬੀ
ਚਮਕੌਰ ਸਾਹਿਬ, 8 ਜੁਲਾਈ
ਭਾਵੇਂ ਸੂਬਾ ਸਰਕਾਰ ਸਾਢੇ ਛੇ ਹਜ਼ਾਰ ਨਵੇਂ ਅਧਿਆਪਕ ਭਰਤੀ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਨਜ਼ਦੀਕੀ ਪਿੰਡ ਧੂੰਮੇਵਾਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਆਂ ਸੱਤ ਜਮਾਤਾਂ ਦੇ ਬੱਚਿਆਂ ਨੂੰ ਸਿਰਫ ਇੱਕ ਹੀ ਮਹਿਲਾ ਅਧਿਆਪਕ ਪੜ੍ਹਾ ਰਹੀ ਹੈ। ਪਿੰਡ ਦੇ ਜਗਤਾਰ ਸਿੰਘ, ਮਨਦੀਪ ਸਿੰਘ, ਦਰਸ਼ਨ ਸਿੰਘ, ਸਾਬਕਾ ਪੰਚ ਸੁਰਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਹ ਅਕਾਲੀ ਤੇ ਕਾਂਗਰਸੀ ਸਰਕਾਰ ਦੇ ਸਮੇਂ ਕਈ ਵਾਰ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਅਨੁਸਾਰ ਹੀ ਅਧਿਆਪਕ ਭੇਜਣ ਦੀ ਮੰਗ ਕਰ ਚੁੱਕੇ ਹਨ ਪਰ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਨਹੀਂ ਸੁਣੀ। ਉਨ੍ਹਾਂ ਦੱਸਿਆ ਕਿ ਹੁਣ ਨਵੀਂ ਸਰਕਾਰ ਦੇ ਸਮੇਂ ਵੀ ਪਿੰਡ ਦੇ ਸਕੂਲ ਵਿੱਚ ਅਧਿਆਪਕ ਨਹੀਂ ਭੇਜਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਵਾਸੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਰਕੇ ਹੀ ਉਨ੍ਹਾਂ ਨਾਲ ਅਧਿਕਾਰੀ ਪੱਖਪਾਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਪਿੰਡ ਦੇ ਸਕੂਲ ਵਿੱਚ ਸਿਰਫ ਇੱਕ ਅਧਿਆਪਕ ਹੀ ਸੱਤ ਜਮਾਤਾਂ ਦੇ ਪੰਜਾਹ ਤੋਂ ਵੱਧ ਬੱਚਿਆਂ ਨੂੰ ਪੜ੍ਹਾ ਰਹੀ ਹੈ, ਜਿਨ੍ਹਾਂ ਵਿੱਚ ਨਰਸਰੀ, ਪ੍ਰੀ-ਨਰਸਰੀ ਦੇ ਨੰਨ੍ਹੇ ਮੁੰਨੇ ਬੱਚਿਆਂ ਨੂੰ ਵੀ ਸੰਭਾਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਗਰੀਬ ਤਬਕੇ ਦੇ ਬੱਚੇ ਪੜ੍ਹਦੇ ਹਨ ਪਰ ਸਰਕਾਰਾਂ ਜਾਣਬੁੱਝ ਕੇ ਹੀ ਉਨ੍ਹਾਂ ਦੇ ਭਵਿੱਖ ਤਬਾਹ ਕਰਦੀਆਂ ਹਨ। ਇਸੇ ਕਰਕੇ ਲੋਕ ਆਪਣੇ ਬੱਚਿਆਂ ਨੂੰ ਪਿੰਡ ਦੇ ਸਕੂਲ ’ਚੋਂ ਹਟਾ ਕੇ ਕਰਜ਼ਾ ਚੁੱਕ ਕੇ ਦੂਜੇ ਸ਼ਹਿਰਾਂ ਦੇ ਨਿੱਜੀ ਸਕੂਲਾਂ ਵਿੱਚ ਪੜ੍ਹਾਉਣ ਲਈ ਮਜਬੂਰ ਹਨ। ਉਕਤ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਸਕੂਲ ਵਿੱਚ ਹੋਰ ਅਧਿਆਪਕ ਭੇਜਣ ਦੀ ਮੰਗ ਕੀਤੀ ਹੈ।