ਮੁਕੇਸ਼ ਕੁਮਾਰ
ਚੰਡੀਗੜ੍ਹ, 28 ਜੂਨ
ਚੰਡੀਗੜ੍ਹ ਦੀ ਵਾਹਨ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਵੱਲੋਂ ਪੱਕੇ ਡਰਾਈਵਿੰਗ ਲਾਇਸੈਂਸ ਲਈ ਡਰਾਈਵਿੰਗ ਟੈਸਟ ਅੱਜ ਤੋਂ ਸ਼ੁਰੂ ਕਰ ਦਿੱਤੇ ਗਏ। ਕੋਵਿਡ-19 ਕਾਰਨ ਪਿਛਲੇ ਲਗਪਗ ਦੋ ਮਹੀਨਿਆਂ ਤੋਂ ਬੰਦ ਰਹਿਣ ਤੋਂ ਬਾਅਦ ਅੱਜ ਸ਼ੁਰੂ ਕੀਤੇ ਡਰਾਈਵਿੰਗ ਟੈਸਟ ਦੌਰਾਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ।
ਜਾਣਕਾਰੀ ਮੁਤਾਬਕ ਅੱਜ ਸੈਕਟਰ 23 ਸਥਿਤ ਟਰੈਫਿਕ ਪਾਰਕ ਵਿੱਚ ਡਰਾਈਵਿੰਗ ਟੈਸਟ ਲਈ ਲਾਏ ਗਏ ਸੈਂਸਰ ਅਤੇ ਸੀਸੀਟੀਵੀ ਕੈਮਰਿਆਂ ਵਿੱਚ ਤਕਨੀਕੀ ਨੁਕਸ ਪੈ ਜਾਣ ਕਾਰਨ ਇਹ ਟੈਸਟ ਤੈਅ ਸਮੇਂ ਸਾਢੇ ਨੌਂ ਵਜੇ ਤੋਂ ਤਿੰਨ ਘੰਟੇ ਬਾਅਦ ਲਗਪਗ ਸਾਢੇ 12 ਵਜੇ ਸ਼ੁਰੂ ਹੋਏ। ਇਸ ਤੋਂ ਪਹਿਲਾਂ ਬਾਕਾਇਦਾ ਅੱਜ ਟੈਸਟ ਲਈ ਅਪਾਇੰਟਮੈਂਟ ਲੈ ਕੇ ਸਵੇਰੇ ਨੌਂ ਵਜੇ ਪਹੁੰਚੇ ਲੋਕ ਤਿੰਨ ਘੰਟੇ ਤੱਕ ਗਰਮੀ ਵਿੱਚ ਪ੍ਰੇਸ਼ਾਨ ਹੁੰਦੇ ਰਹੇ। ਡਰਾਈਵਿੰਗ ਟੈਸਟ ਰੈਕ ਵਿੱਚ ਆਈ ਤਕਨੀਕੀ ਸਮੱਸਿਆ ਬਾਰੇ ਉੱਥੇ ਡਿਊਟੀ ’ਤੇ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ (ਐਮਵੀਆਈ) ਜੀਆ ਲਾਲ ਨੇ ਇਸ ਸਬੰਧੀ ਆਰਐੱਲਏ ਅਧਿਕਾਰੀ ਪਰਦੂਮਨ ਸਿੰਘ ਨੂੰ ਜਾਣੂ ਕਰਵਾਇਆ। ਟਰੈਕ ਵਿੱਚ ਤਕਨੀਕੀ ਖਰਾਬੀ ਦੀ ਸੂਚਨਾ ਮਿਲਣ ’ਤੇ ਆਰਐੱਲਏ ਅਧਿਕਾਰੀ ਪਰਦੂਮਨ ਸਿੰਘ ਮੌਕੇ ’ਤੇ ਪਹੁੰਚੇ ਅਤੇ ਸੈਂਸਰ ਅਤੇ ਕੈਮਰੇ ਤੁਰੰਤ ਦਰੁੱਸਤ ਕਰਨ ਦੇ ਆਦੇਸ਼ ਦਿੱਤੇ। ਲਗਪਗ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਇੱਥੇ ਲੋਕਾਂ ਦੇ ਡਰਾਈਵਿੰਗ ਟੈਸਟ ਸ਼ੁਰੂ ਹੋਏ। ਐੱਮਵੀਆਈ ਜੀਆ ਲਾਲ ਨੇ ਬਿਨਾਂ ਕੋਈ ਲੰਚ ਬਰੇਕ ਲਏ ਡਰਾਈਵਿੰਗ ਟੈਸਟ ਲਏ ਤੇ ਉਨ੍ਹਾਂ ਨੂੰ ਫਾਰਗ ਕੀਤਾ। ਜਾਣਕਾਰੀ ਅਨੁਸਾਰ ਟਰੈਫਿਕ ਪਾਰਕ ਵਿੱਚ ਡਰਾਈਵਿੰਗ ਟੈਸਟ ਲਈ ਬਣਾਏ ਗਏ ਟਰੈਕ ਦੇ ਪੁਲ ਦੀ ਮੁਰੰਮਤ ਦੇ ਕਾਰਜ ਚੱਲ ਰਹੇ ਹਨ ਅਤੇ ਪੁਲ ਅਤੇ ਇਸਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਲਈ ਉੱਥੇ ਵਿਛਾਈ ਗਈ ਵਾਇਰਿੰਗ ਹਟਾ ਕੇ ਮੁੜ ਵਿਛਾਈ ਗਈ ਸੀ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇੱਥੇ ਕਿਸੇ ਸੈਂਸਰ ਦੀ ਵਾਇਰਿੰਗ ਹਿੱਲਣ ਨਾਲ ਸ਼ਾਇਦ ਇਹ ਸਮੱਸਿਆ ਆਈ।
ਛੇਤੀ ਹੀ ਠੀਕ ਕਰਵਾ ਦਿੱਤੀ ਸੀ ਸੈਂਸਰਾਂ ਅਤੇ ਕੈਮਰਿਆਂ ਦੀ ਸਮੱਸਿਆ: ਅਧਿਕਾਰੀ
ਇੱਥੇ ਟਰੈਫਿਕ ਪਾਰਕ ਵਿੱਚ ਡਰਾਈਵਿੰਗ ਟੈਸਟ ਨੂੰ ਲੈ ਕੇ ਆਈ ਸਮੱਸਿਆ ਬਾਰੇ ਚੰਡੀਗੜ੍ਹ ਦੇ ਆਰਐੱਲਏ ਪਰਦੂਮਨ ਸਿੰਘ ਨੇ ਕਿਹਾ ਕਿ ਸੈਂਸਰਾਂ ਅਤੇ ਕੈਮਰਿਆਂ ਦੀ ਸਮੱਸਿਆ ਛੇਤੀ ਹੀ ਠੀਕ ਕਰਵਾ ਦਿੱਤੀ ਗਈ ਸੀ ਅਤੇ ਪੂਰਾ ਦਿਨ ਡਰਾਈਵਿੰਗ ਟੈਸਟ ਲਏ ਗਏ।
ਮੀਡੀਆ ਨਾਲ ਖਹਬਿੜਿਆ ਕਰਮਚਾਰੀ
ਜਿਥੇ ਇੱਕ ਪਾਸੇ ਟਰੈਫਿਕ ਪਾਰਕ ਵਿੱਚ ਡਰਾਈਵਿੰਗ ਟੈਸਟ ਦੇਣ ਆਏ ਲੋਕ ਟੈਸਟ ਸ਼ੁਰੂ ਨਾ ਹੋਣ ਕਾਰਨੇ ਖੱਜਲ ਖੁਆਰ ਹੋ ਰਹੇ ਸਨ ਉੱਥੇ ਟਰੈਫਿਕ ਪਾਰਕ ਵਿੱਚ ਟੈਸਟ ਨਾ ਹੋਣ ਦੀ ਸੂਚਨਾ ਮਿਲਣ ’ਤੇ ਕਵਰੇਜ਼ ਕਰਨ ਪਹੁੰਚੇ ਮੀਡੀਆ ਨਾਲ ਉੱਥੇ ਆਰਐੱਲਏ ਵੱਲੋਂ ਠੇਕੇ ’ਤੇ ਰੱਖਿਆ ਤਾਇਨਾਤ ਇੱਕ ਡਾਟਾ ਐਂਟਰੀ ਕਰਮਚਾਰੀ ਖਹਬਿੜ ਗਿਆ।ਲੋਕਾਂ ਦੀ ਸਮੱਸਿਆ ਨੂੰ ਸੁਣਨ ਦੇ ਬਜਾਏ ਉਹ ਆਪਣਾ ਗੁੱਸਾ ਮੀਡੀਆ ‘ਤੇ ਹੀ ਆਪਣਾ ਗੁੱਸਾ ਉਤਾਰਦਾ ਰਿਹਾ। ਕਰਮਚਾਰੀ ਵੱਲੋਂ ਮੀਡੀਆ ਨਾਲ ਕੀਤੀ ਗਈ ਇਸ ਬਦਤਮੀਜ਼ੀ ਬਾਰੇ ਆਰਐਲਏ ਅਧਿਕਾਰੀ ਪਰਦੂਮਨ ਸਿੰਘ ਨੂੰ ਸ਼ਿਕਾਇਤ ਕੀਤੀ ਗਈ ਹੈ।