ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਅਧਿਕਾਰੀ ਬਲਬੀਰ ਸਿੰਘ ਢੋਲ ਵੱਲੋਂ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਬਾਰੇ ਲਿਖੀ ਪੁਸਤਕ ‘ਨੇੜਿਓਂ ਤੱਕੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ’ ਇਥੇ ਪਾਰਟੀ ਦੇ ਮੁੱਖ ਦਫਤਰ ਵਿੱਚ ਰਿਲੀਜ਼ ਕੀਤੀ। ਇਸ ਮੌਕੇ ਸ੍ਰੀ ਸੁਖਬੀਰ ਨੇ ਕਿਹਾ ਕਿ ਬਲਬੀਰ ਸਿੰਘ ਢੋਲ ਨੇ ਸਰਕਾਰ ਵਿਚ ਰਹਿੰਦਿਆਂ ਵੱਖ-ਵੱਖ ਅਹੁਦਿਆਂ ’ਤੇ ਹੁੰਦਿਆਂ ਸ੍ਰੀ ਬਾਦਲ ਨਾਲ ਕੰਮ ਕੀਤਾ ਸੀ। ਆਪਣੀ ਪੁਸਤਕ ਵਿਚ ਲੇਖਕ ਨੇ ਦੱਸਿਆ ਹੈ ਕਿ ਕਿਵੇਂ ਉਸ ਨੇ ਸ੍ਰੀ ਬਾਦਲ ਨੁੰ ਨਾਮਜ਼ਦਗੀ ਪੱਤਰ ਦਾਖਲ ਕਰਦਿਆਂ, ਲੋਕਾਂ ਨਾਲ ਗੱਲ ਕਰਨ ਦੇ ਤਰੀਕੇ ਤੇ ਨਰਮ ਸੁਭਾਅ ਅਤੇ ਸਮੇਂ ਸਿਰ ਕੰਮ ਕਰਨ ਦੇ ਨਿਯਮ ਦੀ ਪਾਲਣਾ ਕਰਦਿਆਂ ਵੇਖਿਆ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ। -ਵਪਾਰ ਪ੍ਰਤੀਨਿਧ