ਕਰਮਜੀਤ ਸਿੰਘ ਚਿੱਲਾ
ਬਨੂੜ, 9 ਅਕਤੂਬਰ
ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣਾ ਦੇ ਕਿਸਾਨਾਂ ’ਤੇ ਲਾਠੀਚਾਰਜ ਦੇ ਰੋਸ ਵਜੋਂ ਚੱਕਾ ਜਾਮ ਦੇ ਦਿੱਤੇ ਗਏ ਸੱਦੇ ਅਧੀਨ ਬਨੂੜ ਦੇ ਬੰਨੋ ਮਾਈ ਮੰਦਰ ਸਾਹਮਣੇ ਕੌਮੀ ਮਾਰਗ ’ਤੇ ਦੋ ਘੰਟੇ ਦਾ ਜਾਮ ਲਾਇਆ। ਜਾਮ ਕਾਰਨ ਸਮੁੱਚੀ ਆਵਾਜਾਈ ਨੂੰ ਓਵਰਬ੍ਰਿਜ ਉੱਤੋਂ ਲੰਘਣਾ ਪਿਆ। ਦੁਪਹਿਰ ਬਾਰ੍ਹਾਂ ਤੋਂ ਦੋ ਵਜੇ ਤੱਕ ਲਗਾਏ ਜਾਮ ਦੀ ਅਗਵਾਈ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਧਰਮਪਾਲ ਸੀਲ੍ਹ ਤੇ ਹੋਰ ਆਗੂਆਂ ਨੇ ਕੀਤੀ। ਇਸ ਮੌਕੇ ਮੁਜ਼ਾਹਿਰਾਕਾਰੀਆਂ ਦੇ ਹੱਥਾਂ ਵਿੱਚ ਲਾਲ ਝੰਡੇ ਚੁੱਕੇ ਹੋਏ ਸਨ, ਉਨ੍ਹਾਂ ਕੇਂਦਰ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਖਰੜ (ਸ਼ਸ਼ੀ ਪਾਲ ਜੈਨ): ਸਿਰਸਾ ’ਚ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਵਿਰੁੱਧ ਲਾਂਡਰਾ ਚੌਕ ’ਤੇ ਸੜਕ ਜਾਮ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਗਿਆ। ਇਸੇ ਦੌਰਾਨ ਕਿਸਾਨਾਂ ਵੱਲੋਂ ਖਰੜ ਦੀ ਰੇਲਵੇ ਟਰੈਕ ’ਤੇ ਦਿੱਤਾ ਜਾ ਰਿਹਾ ਧਰਨਾ ਅੱਜ 9ਵੇਂ ਦਿਨ ਵੀ ਜਾਰੀ ਰਿਹਾ।
ਰੂਪਨਗਰ (ਬਹਾਦਰਜੀਤ ਸਿੰਘ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਰੂਪਨਗਰ ਜ਼ਿਲ੍ਹੇ ਦੀਆਂ ਸੱਤ ਕਿਸਾਨ ਜਥੇਬੰਦੀਆਂ ਨੇ ਰੂਪਨਗਰ ਨੇੜੇ ਕੌਮੀ ਮਾਰਗ ’ਤੇ ਸੋਲਖੀਆਂ ਟੌਲ ਪਲਾਜ਼ੇ ’ਤੇ ਦੋ ਘੰਟੇ ਤੱਕ ਮੁਕੰਮਲ ਜਾਮ ਲਗਾ ਕੇ ਰੋਹ ਭਰਪੂਰ ਧਰਨਾ ਦਿੱਤਾ। ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਉੱਠ ਰਹੀ ਲਹਿਰ ਨੂੰ ਮੋਦੀ ਸਰਕਾਰ ਦਬਾਅ ਨਹੀਂ ਸਕਦੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੀ ਆਏ ਪਰ ਕਿਸਾਨਾਂ ਨੇ ਕਿਸੇ ਵੀ ਰਾਜਸੀ ਪਾਰਟੀ ਦੇ ਆਗੂਆਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ।
ਰੇਲ ਪਟੜੀਆਂ ’ਤੇ ਅੰਦੋਲਨ ਬਰਕਰਾਰ
ਲਾਲੜੂ (ਸਰਬਜੀਤ ਸਿੰਘ ਭੱਟੀ): ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਨੇ ਲਾਲੜੂ ’ਚ 9ਵੇਂ ਦਿਨ ਵੀ ਰੇਲ ਪਟੜੀਆਂ ’ਤੇ ਰੋਸ ਧਰਨਾ ਜਾਰੀ ਰੱਖਿਆ, ਇਸ ਮੌਕੇ ਕਿਸਾਨਾਂ ਦੀ ਹਮਾਇਤ ਕਰਨ ਲਈ ਪੰਜਾਬ ਯੂਥ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਉਦੇਵੀਰ ਸਿੰਘ ਢਿਲੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਧਰਨੇ ਵਾਲੀ ਥਾਂ ਰੇਲ ਪਟੜੀਆਂ ’ਤੇ ਪੁੱਜੇ ਅਤੇ ਉਨ੍ਹਾਂ ਕੇਂਦਰ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ।