ਆਤਿਸ਼ ਗੁਪਤਾ
ਚੰਡੀਗੜ੍ਹ, 25 ਜਨਵਰੀ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਪਸਾਰ ਕਾਰਨ ਮਾਰਚ 2020 ਤੋਂ ਬੰਦ ਪਈਆਂ ਵੱਖ-ਵੱਖ ਸੈਕਟਰਾਂ ਵਿੱਚ ਲੱਗਣ ਵਾਲੀਆਂ ਆਪਣੀ ਮੰਡੀਆਂ ਨੂੰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਫਲ-ਸਬਜ਼ੀ ਸਹੀ ਮੁੱਲ ’ਤੇ ਮਿਲ ਸਕਣਗੇ ਅਤੇ ਲੋਕਾਂ ਦਾ ਰੁਜ਼ਗਾਰ ਵਧ ਸਕੇਗਾ। ਇਸ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੋਵਿਡ ਵੈਕਸੀਨ ਦੇ ਪ੍ਰਬੰਧਾਂ ਦੀ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਬੈਠਕ ਦੌਰਾਨ ਵਿਚਾਰ ਚਰਚਾ ਕੀਤੀ।
ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕੋਵਿਡ-19 ਦੀ ਮੀਟਿੰਗ ਵੀ ਪੰਜਾਬ ਰਾਜ ਭਵਨ ਵਿੱਚ ਕਰਨੀ ਸ਼ੁਰੂ ਕਰ ਦਿੱਤੀ ਸੀ। ਸ਼ਹਿਰ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ ਘੱਟਣ ਤੋਂ ਬਾਅਦ ਪ੍ਰਸ਼ਾਸਨ ਨੇ ਅੱਜ 10 ਮਹੀਨੇ ਬਾਅਦ ਮੁੜ ਯੂਟੀ ਸਕੱਤਰੇਤ ਵਿੱਚ ਮੀਟਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਵੀ ਸਕੱਤਰੇਤ ਵਿੱਚ ਕੰਮ ਆਮ ਵਾਂਗ ਸ਼ੁਰੂ ਹੋ ਚੁੱਕਿਆ ਹੈ। ਪਰ ਹਰ ਕਿਸੇ ਨੂੰ ਮਾਸਕ ਦੀ ਵਰਤੋਂ ਲਾਜ਼ਮੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।
ਪ੍ਰਸ਼ਾਸਨਿਕ ਅਧਿਕਾਰੀਆ ਦੀ ਮੀਟਿੰਗ ਦੌਰਾਨ ਸ਼ਹਿਰ ਵਿੱਚ ਚਲ ਰਹੇ ਵਿਕਾਸ ਕਰਜਾਂ ’ਤੇ ਵਿਚਾਰ ਚਰਚਾ ਕੀਤੀ ਗਈ ਹੈ। ਇਸ ਮੌਕੇ ਯੂਟੀ ਦੇ ਚੀਫ ਇੰਜਨੀਅਰ ਸੀਬੀ ਓਝਾ ਨੇ ਸ਼ਹਿਰ ਵਿੱਚ ਚਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਪ੍ਰਮੁੱਖ ਗ੍ਰਹਿ ਸਕੱਤਰ ਅਰੁਣ ਕੁਮਾਰ ਗੁਪਤਾ, ਡੀਜੀਪੀ ਸੰਜੇ ਬੈਨੀਵਾਲ, ਨਿਗਮ ਕਮਿਸ਼ਨਰ ਕੇਕੇ ਯਾਦਵ, ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।