ਪੱਤਰ ਪ੍ਰੇਰਕ
ਖਰੜ, 29 ਜਨਵਰੀ
ਹਲਕਾ ਖਰੜ ਤੋਂ ‘ਆਪ’ ਉਮੀਦਵਾਰ ਅਨਮੋਲ ਗਗਨ ਮਾਨ ਨੇ ਹਲਕੇ ਵਿਚ ਪੈਂਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਜਾਣੀਆਂ। ਇਸ ਮੌਕੇ ਦੋਧੀ ਯੂਨੀਅਨ ਵੱਲੋਂ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਮਾਨ ਨੇ ਪਿੰਡ ਸਾਹਪੁਰ, ਰਡਿਆਲਾ ਅਤੇ ਲਖਨੌਰ ਵਿਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਆਪਣੇ ਹਰ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਕੰਮ ਕਰੇਗੀ।
ਅਨਮੋਲ ਮਾਨ ਨੇ ਦੋਧੀ ਯੂਨੀਅਨ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਯੂਨੀਅਨ ਨੇ ਉਨ੍ਹਾਂ ਦੇ ਸਮਰਥਨ ਦਾ ਐਲਾਨ ਕੀਤਾ।
ਕੁਰਾਲੀ (ਪੱਤਰ ਪ੍ਰੇਰਕ): ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਨੇ ਹਲਕੇ ਵਿਚ ਪੈਂਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਦੌਰਾਨ ਵੋਟਾਂ ਮੰਗੀਆਂ। ਮਾਨ ਨੇ ਪਿੰਡਾਂ ਦੀਆਂ ਸੱਥਾਂ ’ਚ ਬੈਠੇ ਬਜ਼ੁਰਗਾਂ ਤੋਂ ਅਸ਼ੀਰਵਾਦ ਲਿਆ ਅਤੇ ਆਪਣੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ।
ਪਿੰਡ ਸ਼ਾਹਪੁਰ, ਰਡਿਆਲਾ ਅਤੇ ਲਖਨੌਰ ਵਿਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਯਕੀਨੀ ਬਣਾਵੇਗੀ ਕਿ ਹਰ ਵਰਗ ਦੇ ਵਿਅਕਤੀ ਨੂੰ ਉਸ ਦਾ ਬਣਦਾ ਹੱਕ ਮੁਹੱਈਆ ਕਰਵਾਇਆ ਜਾਵੇ। ‘ਆਪ’ ਦਿੱਲੀ ਦੀ ਤਰਜ਼ ’ਤੇ ਸਿਹਤ ਅਤੇ ਸਿੱਖਿਆ ਸਹੂਲਤਾਂ ਦਾ ਵਾਅਦਾ ਪੂਰਾ ਕਰ ਕੇ ਦਿਖਾਏਗੀ। ਇਸ ਮੌਕੇ ਦਰਸ਼ਨ ਸਿੰਘ, ਬਿਕਰਮ ਚੌਧਰੀ, ਮਨਪ੍ਰੀਤ ਸਿੰਘ, ਰਮਨਪ੍ਰੀਤ ਕੌਰ, ਸਿਮਰਨ ਕੌਰ, ਹਰਮੀਤ ਵਿਰਕ, ਜਸਕਰਨ ਸਿੰਘ, ਕੁਲਜਿੰਦਰ ਸਿੰਘ ਆਦਿ ਹਾਜ਼ਰ ਸਨ।
ਬੀਬੀ ਮਾਨ ਨੂੰ ਰਿਟਰਨਿੰਗ ਅਫ਼ਸਰ ਵੱਲੋਂ ਨੋਟਿਸ ਜਾਰੀ
ਖਰੜ: ਐੱਸਡੀਐੱਮ-ਕਮ-ਰਿਟਰਨਿੰਗ ਅਫ਼ਸਰ ਅਵਿਕੇਸ਼ ਗੁਪਤਾ ਵੱਲੋਂ ਖਰੜ ਤੋਂ ‘ਆਪ’ ਦੀ ਉਮੀਦਵਾਰ ਅਨਮੋਲ ਗਗਨ ਮਾਨ ਨੂੰ ਪ੍ਰਵਾਨਗੀ ਲਏ ਬਿਨਾਂ ਰੈਲੀ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਨੋਟਿਸ ਵਿਚ ਲਿਖਿਆ ਗਿਆ ਹੈ ਕਿ ਚੋਣ ਕਮਿਸ਼ਨ ਵੱਲੋਂ ਰੈਲੀਆਂ ’ਤੇ ਪਾਬੰਦੀ ਲਗਾਈ ਗਈ ਹੈ ਪਰ ਅਨਮੋਲ ਗਗਨ ਮਾਨ ਵੱਲੋਂ ਖਰੜ ਵਿਚ ਰੈਲੀ ਕੀਤੀ ਗਈ ਜਿਸ ਵਿਚ ਵੱਡਾ ਇਕੱਠ ਕੀਤਾ ਗਿਆ ਜੋ ਨਿਯਮਾਂ ਦੀ ਓਲੰਘਣਾ ਹੈ। ਨੋਟਿਸ ਵਿਚ ਕਿਹਾ ਹੈ ਕਿ ਉਹ ਆਪਣਾ ਸਪਸ਼ਟੀਕਰਨ ਤੁਰੰਤ ਹੀ ਲਿਖਤੀ ਤੌਰ ’ਤੇ ਪੇਸ਼ ਕਰਨ।