ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੂਨ
ਜੰਮੂ-ਕਸ਼ਮੀਰ ਵਿੱਚ ਕਸ਼ਮੀਰੀ ਪੰਡਤਾਂ ਨੂੰ ਸੁਰੱਖਿਆ ਦੇਣ ਦੀ ਮੰਗ ਕਰਦਿਆਂ ‘ਆਪ’ ਨੇ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੱਢਿਆ ਹੈ। ਇਹ ਮੋਮਬੱਤੀ ਮਾਰਚ ‘ਆਪ’ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਦੀ ਅਗਵਾਈ ਹੇਠ ਅਰੋਮਾ ਲਾਈਟ ਪੁਆਇੰਟ ਤੋਂ ਕਿਰਨ ਥੀਏਟਰ ਤੱਕ ਕੱਢਿਆ ਗਿਆ ਹੈ। ਸ੍ਰੀ ਗਰਗ ਨੇ ਕਸ਼ਮੀਰੀ ਪੰਡਤਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਤਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ, ਜਿਸ ਵਿੱਚ ਕੇਂਦਰ ਸਰਕਾਰ ਬਿਲਕੁੱਲ ਕਾਮਯਾਬ ਨਹੀਂ ਹੋ ਰਹੀ ਹੈ।
‘ਆਪ’ ਚੰਡੀਗੜ੍ਹ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਕਸ਼ਮੀਰੀ ਪੰਡਤ ਡਰ ਦੇ ਮਾਹੌਲ ਵਿੱਚ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਸਾਲ 1990 ਵਿੱਚ ਕਸ਼ਮੀਰੀ ਪੰਡਤਾਂ ’ਤੇ ਜਬਰ ਢਾਹਿਆ ਗਿਆ ਸੀ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਅੱਜ ਉਸ ਘਟਨਾ ਨੂੰ 32 ਸਾਲ ਬੀਤਣ ਦੇ ਬਾਵਜੂਦ ਕਸ਼ਮੀਰੀ ਪੰਡਤ ਸੁੱਖ ਦਾ ਸਾਹ ਨਹੀਂ ਲੈ ਪਾ ਰਹੇ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਨ ਸਮੇਂ ਭਾਜਪਾ ਅਮਨ ਅਤੇ ਸ਼ਾਂਤੀ ਬਰਕਰਾਰ ਰੱਖਣ ਦੇ ਵੱਡੇ-ਵੱਡੇ ਦਾਅਵੇ ਕਰਦੀ ਸੀ, ਪਰ ਅੱਜ ਹਕੀਕਤ ਬਿਲਕੁਲ ਉਲਟ ਹੈ। ‘ਆਪ’ ਆਗੂਆਂ ਦੇ ਮੰਗ ਕੀਤੀ ਕਿ ਕਸ਼ਮੀਰੀ ਪੰਡਤਾਂ ਦੀ ਸੁਰੱਖਿਆ ਬਹਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਵਧੀਆ ਜੀਵਨ ਜਿਉਣ ਦੇ ਪ੍ਰਬੰਧ ਕਰ ਕੇ ਦਿੱਤੇ ਜਾਣ।