
ਸੁਖਨਾ ਝੀਲ ’ਤੇ ਸ਼ੁੱਕਰਵਾਰ ਨੂੰ ਬਿਨਾ ਮਾਸਕ ਪਹਿਨੇ ਘੁੰਮਦੇ ਹੋਏ ਸੈਲਾਨੀ। -ਫੋਟੋ: ਮਨੋਜ ਮਹਾਜਨ
ਕੁਲਦੀਪ ਸਿੰਘ
ਚੰਡੀਗੜ੍ਹ, 28 ਜਨਵਰੀ
ਚੰਡੀਗੜ੍ਹ ਵਿੱਚ ਅੱਜ ਕਰੋਨਾ ਦੇ 399 ਕੇਸ ਸਾਹਮਣੇ ਆਏ ਹਨ ਅਤੇ ਕਰੋਨਾ ਸਣੇ ਹੋਰਨਾਂ ਬਿਮਾਰੀਆਂ ਤੋਂ ਪੀੜਤ ਚਾਰ ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ 1168 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਇਆ ਹੈ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 4647 ਹੈ।
ਵੇਰਵਿਆਂ ਅਨੁਸਾਰ ਪਿੰਡ ਹੱਲੋਮਾਜਰਾ ਵਾਸੀ 63 ਸਾਲਾ ਕਰੋਨਾ ਪਾਜ਼ੇਟਿਵ ਵਿਅਕਤੀ ਦੀ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋਈ ਹੈ। ਇਸੇ ਤਰ੍ਹਾਂ ਸੈਕਟਰ 44 ਵਾਸੀ 35 ਸਾਲਾਂ ਦੇ ਕਰੋਨਾ ਮਰੀਜ਼ ਨੇ ਈਡਨ ਹਸਪਤਾਲ ਵਿੱਚ ਦਮ ਤੋੜਿਆ ਹੈ। ਸੈਕਟਰ 41 ਵਾਸੀ 67 ਸਾਲਾ ਕਰੋਨਾ ਪੀੜਤ ਮਹਿਲਾ ਦੀ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਅਤੇ ਖੁੱਡਾ ਅਲੀਸ਼ੇਰ ਵਾਸੀ 60 ਸਾਲਾ ਔਰਤ ਦੀ ਜੀ.ਐੱਮ.ਐੱਸ.ਐੱਚ.-16 ਵਿੱਚ ਇਲਾਜ ਦੌਰਾਨ ਮੌਤ ਹੋਈ ਹੈ। ਇਹ ਸਾਰੇ ਮਰੀਜ਼ ਕਰੋਨਾ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ।
ਮੁਹਾਲੀ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕਰੋਨਾ ਦੇ 693 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ਵਿੱਚ 303 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਬਨੂੜ ਵਿੱਚ 6, ਲਾਲੜੂ ਵਿੱਚ 13, ਕੁਰਾਲੀ ਵਿੱਚ 20, ਘੜੂੰਆਂ ਵਿੱਚ 26, ਬੂਥਗੜ੍ਹ ਵਿੱਚ 30, ਡੇਰਾਬੱਸੀ ਵਿੱਚ 69, ਢਕੌਲੀ ਵਿੱਚ 94 ਅਤੇ ਖਰੜ ਵਿੱਚ 132 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਇਸ ਸਮੇਂ ਕਰੋਨਾ ਮਹਾਮਾਰੀ ਦੇ 6528 ਨਵੇਂ ਐਕਟਿਵ ਕੇਸ ਹਨ ਤੇ 1308 ਮਰੀਜ਼ ਠੀਕ ਵੀ ਹੋਏ ਹਨ। ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਅੱਜ ਕਰੋਨਾ ਦੇ 385 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਰੋਨਾ ਕਾਰਨ 3 ਵਿਅਕਤੀਆਂ ਦੀ ਮੌਤ ਹੋਈ ਹੈ। ਪੰਚਕੂਲਾ ਦੇ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚੋਂ 359 ਮਰੀਜ਼ ਪੰਚਕੂਲਾ ਜ਼ਿਲ੍ਹੇ ਦੇ ਨਾਗਰਿਕ ਹਨ ਅਤੇ ਬਾਕੀ ਮਰੀਜ਼ ਪੰਚਕੂਲਾ ਦੇ ਨੇੜਲੇ ਇਲਾਕਿਆਂ ਦੇ ਹਨ। ਇਸ ਸਮੇਂ ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਦੇ 1331 ਐਕਟਿਵ ਕੇਸ ਹਨ ਤੇ ਰਿਕਵਰੀ ਰੇਟ 95.89 ਫੀਸਦ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ