ਪੱਤਰ ਪ੍ਰੇਰਕ
ਚੰਡੀਗੜ੍ਹ, 5 ਮਈ
ਚੰਡੀਗੜ੍ਹ ਵਿੱਚ ਅੱਜ ਕਰੋਨਾ ਵਾਇਰਸ ਪੀੜਤ 14 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 817 ਹੋਰ ਵਿਅਕਤੀਆਂ ਨੂੰ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।
ਪੰਚਕੂਲਾ (ਪੱਤਰ ਪੇ੍ਰਕ): ਪੰਚਕੂਲਾ ਵਿੱਚ ਅੱਜ 736 ਨਵੇਂ ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮਰੀਜ਼ਾਂ ਵਿਚ 384 ਆਦਮੀ ਅਤੇ 270 ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਪੰਚਕੂਲਾ ਜ਼ਿਲ੍ਹੇ ਵਿੱਚ 7 ਮੌਤਾਂ ਕਰੋਨਾ ਕਾਰਨ ਹੋਈਆਂ ਹਨ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਪੰਚਕੁੂਲਾ ਵਿਚ ਕਰੋਨਾ ਕਾਰਨ ਹੁਣ ਤੱਕ 234 ਲੋਕਾਂ ਦੀ ਮੌਤਾਂ ਹੋ ਚੁੱਕੀਆਂ ਹਨ। ਪੰਚਕੂਲਾ ਵਿੱਚ ਇਸ ਵੇਲੇ 2597 ਕਰੋਨਾ ਦੇ ਐਕਟਿਵ ਮਰੀਜ਼ ਹਨ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪੇ੍ਰਕ): ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਕਰੋਨਾ ਮਹਾਮਾਰੀ ਦੇ 1056 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਅੱਜ ਇਕ ਦਿਨ ਵਿੱਚ 17 ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ।
ਰੂਪਨਗਰ (ਪੱਤਰ ਪੇ੍ਰਕ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 191 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂ ਕਿ ਚਾਰ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ। ਇਹ ਰੂਪਨਗਰ ਜ਼ਿਲ੍ਹੇ ਵਿੱਚ ਇੱਕ ਦਿਨ ਵਿੱਚ ਕਰੋਨਾ ਪਜ਼ੇਟਿਵ ਮਰੀਜਾਂ ਦੀ ਸਭ ਤੋਂ ਵੱਡੀ ਗਿਣਤੀ ਹੈ।
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪੇ੍ਰਕ): ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 85 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗਿਣਤੀ 651 ਹੋ ਗਈ ਹੈੈ।
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਅੱਜ ਅੰਬਾਲਾ ਜ਼ਿਲ੍ਹੇ ਵਿਚ 417 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਕੁਲ ਮਰੀਜ਼ਾਂ ਦੀ ਗਿਣਤੀ 22941 ਹੋ ਗਈ ਹੈ ਜਦੋਂ ਕਿ ਅੱਜ ਜ਼ਿਲ੍ਹੇ ਵਿਚ 11 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।
ਕਰੋਨਾ ਵਾਰਡ ਵਿੱਚ ਸਮਾਰਟ ਮੋਬਾਈਲ ਫੋਨ ਲਿਜਾਣ ’ਤੇ ਪਾਬੰਦੀ
ਚੰਡੀਗੜ੍ਹ (ਟਨਸ): ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸਥਿਤ ਕਰੋਨਾ ਵਾਰਡ ਵਿੱਚ ਕਰੋਨਾ ਮਰੀਜ਼ਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਮਾਰਟ ਮੋਬਾਈਲ ਫੋਨ ਲਿਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਬਾਰੇ ਕੋਵਿਡ ਕੇਅਰ ਸੇਂਟਰ ਦੇ ਨੋਡਲ ਅਧਿਕਾਰੀ ਯਸ਼ਪਾਲ ਗਰਗ ਨੇ ਦੱਸਿਆ ਕਿ ਕਰੋਨਾ ਵਾਰਡ ਵਿੱਚ ਖਿੱਚੀਆਂ ਤਸਵੀਰਾਂ ਲੋਕਾਂ ਵਿੱਚ ਭੈਅ ਦਾ ਮਾਹੌਲ ਪੈਦਾ ਕਰਦੀਆਂ ਹਨ। ਇਸ ਲਈ ਕਰੋਨਾ ਵਾਰਡ ਵਿੱਚ ਸਮਾਰਟ ਫੋਨ ਲਿਜਾਣ ’ਤੇ ਪਾਬੰਦੀ ਲਗਾਈ ਗਈ ਹੈ। ਜਦਕਿ ਸਾਧਾਰਨ ਫੋਨ ਲਿਜਾਇਆ ਜਾ ਸਕਦਾ ਹੈ।