ਅਤਰ ਸਿੰਘ
ਡੇਰਾਬੱਸੀ, 24 ਅਕਤੂਬਰ
ਪੰਜਾਬ ਸਰਕਾਰ ਵੱਲੋਂ 2 ਕਿੱਲੋਵਾਟ ਮਨਜ਼ੂਰਸੁਦਾ ਲੋਡ ਤੱਕ ਦੇ ਸਾਰੇ ਖ਼ਪਤਕਾਰਾਂ ਦੇ ਬਿਜਲੀ ਦੇ ਬਕਾਇਆ ਬਿਲ ਅਤੇ ਕੱਟੇ ਗਏ ਕੁਨੈਕਸ਼ਨਾਂ ਨੂੰ ਦੁਬਾਰਾ ਜੋੜਨ ਲਈ ਜ਼ਿਲ੍ਹਾ ਪੱਧਰ ’ਤੇ ਕੈਂਪ ਲਾਏ ਜਾ ਰਹੇ ਹਨ। ਇਨ੍ਹਾਂ ਕੁਨੈਸ਼ਨਾਂ ਨੂੰ ਜੋੜਨ ਲਈ ਪਿਛਲੇ ਕੁਝ ਦਿਨਾਂ ਵਿੱਚ ਡੇਰਾਬੱਸੀ ਅਤੇ ਨਾਲ ਦੇ ਪਿੰਡਾਂ ਦੇ ਖ਼ਪਤਕਾਰਾਂ ਪਾਸੋਂ 3200 ਬੇਨਤੀ ਪੱਤਰ ਮਿਲੇ ਸਨ। ਸਰਕਾਰ ਵਲੋਂ ਦਿੱਤੀ ਗਈ ਇਸ ਰਾਹਤ ਵਿੱਚ ਉਨ੍ਹਾਂ ਲੋਕਾਂ ਲਈ ਕੋਈ ਰਾਹਤ ਨਹੀਂ ਹੈ ਜਿਨ੍ਹਾਂ ਨੇ ਆਪਣੇ ਬਿਜਲੀ ਦੇ ਬਿਲ ਆਖਰੀ ਤਾਰੀਖ਼ ਜਾਂ ਉਸ ਤੋਂ ਪਹਿਲਾਂ ਜਮ੍ਹਾਂ ਕਰਵਾ ਦਿੱਤੇ ਸੀ।ਲਾਲੜੂ ਡਿਵੀਜ਼ਨ ਤਹਿਤ ਪੈਂਦੇ ਪਿੰਡ ਡੇਰਾਬੱਸੀ, ਮੁਬਾਰਿਕਪੁਰ, ਬਰੌਲੀ ਤੇ ਹੰਡੇਸਰਾ ਵਿੱਚ ਲਾਏ ਗਏ 5 ਕੈਂਪਾਂ ਵਿੱਚ 1200 ਦੇ ਕਰੀਬ ਖ਼ਪਤਕਾਰਾਂ ਨੇ ਬਿਜਲੀ ਦੇ ਬਿਲਾਂ ਦੀ ਮੁਆਫੀ ਲਈ ਬੇਨਤੀ ਪੱਤਰ ਜਮ੍ਹਾਂ ਕਰਵਾਏ। ਇਸੇ ਤਰ੍ਹਾਂ ਡੇਰਾਬੱਸੀ ਹਲਕੇ ਦੇ ਹੋਰ 10 ਪਿੰਡਾਂ ਵਿੱਚ ਕੈਂਪ ਲਾਏ ਗਏ ਜਿਸ ਵਿੱਚ 2000 ਦੇ ਕਰੀਬ ਖ਼ਪਤਕਾਰਾਂ ਵੱਲੋਂ ਬਿਲ ਮੁਆਫ਼ ਕਰਨ ਅਤੇ ਕੁਨੈਕਸ਼ਨ ਜੋੜਨ ਲਈ ਬੇਨਤੀ ਪੱਤਰ ਜਮ੍ਹਾਂ ਕਰਵਾਏ ਗਏ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਲਗਾਏ ਗਏ ਕੈਂਪਾਂ ਦਾ ਜਾਇਜ਼ਾ ਲੈਣ ਲਈ ਵਿਭਾਗ ਦੇ ਐਸ.ਈ. ਮੋਹਿਤ ਸੂਦ, ਐਸਡੀਐਮ ਡੇਰਾਬੱਸੀ ਕੁਲਦੀਪ ਬਾਵਾ, ਸੀਨੀਅਰ ਐਕਸੀਐਨ ਇੰਦਰਪ੍ਰੀਤ ਸਿੰਘ ਅਤੇ ਖੁਸ਼ਿਵੰਦਰ ਸਿੰਘ ਵੀ ਪਹੁੰਚੇ।