ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਪਰੈਲ
ਕੇਂਦਰ ਸਰਕਾਰ ਵੱਲੋਂ ਸਿਟੀ ਬਿਊਟੀਫੁੱਲ ਦੇ ਲੋਕਾਂ ਨੂੰ ਅਨੁਸ਼ਾਸਿਤ ਕਰਨ ਲਈ ਸ਼ਹਿਰ ਦੇ ਚੌਕਾਂ ਵਿੱਚ ‘ਤਾਇਨਾਤ’ ਕੀਤੇ ਗਏ ਸੀਸੀਟੀਵੀ ਕੈਮਰਿਆਂ ਦੀ ਨਜ਼ਰ ਤੋਂ ਉਲੰਘਣਾਕਾਰੀਆਂ ਦਾ ਬਚਣਾ ਔਖਾ ਹੈ। ਵੀਡੀਓ ਫੁਟੇਜ ਦੇ ਆਧਾਰ ’ਤੇ ਪੁਲੀਸ ਨੇ ਸ਼ਹਿਰ ਵਿੱਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਚਾਲਾਨ ਘਰ ਭੇਜ ਦਿੱਤੇ ਹਨ। ਸੀਸੀਟੀਵੀ ਕੈਮਰਿਆਂ ਨਾਲ 9 ਦਿਨਾਂ ਵਿੱਚ 3150 ਦੇ ਕਰੀਬ ਚਲਾਨ ਕੀਤੇ ਗਏ ਹਨ। ਇਨ੍ਹਾਂ ਵਿੱਚ ਓਵਰ ਸਪੀਡ ਦੇ ਚਲਾਨਾਂ ਦੀ ਗਿਣਤੀ ਬਹੁਤ ਵੱਧ ਹੈ। ਇਸ ਤੋਂ ਬਾਅਦ ਲਾਲ ਬੱਤੀ ਦੀ ਉਲੰਘਣਾ ਕਰਨ ਸਬੰਧੀ ਚਲਾਨ ਸ਼ਾਮਲ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 27 ਮਾਰਚ ਨੂੰ ਚੰਡੀਗੜ੍ਹ ਵਿੱਚ ਇੰਟੀਗਰੇਟਿਡ ਕਮਾਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਸੀ। ਉਸ ਸੈਂਟਰ ਰਾਹੀਂ ਸ਼ਹਿਰ ਵਿੱਚ ਲੱਗੇ 2000 ਸੀਸੀਟੀਵੀ ਕੈਮਰਿਆਂ ਨੂੰ ਕੰਟਰੋਲ ਕੀਤਾ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰੀ ਦੇ ਉਦਘਾਟਨ ਤੋਂ ਤੁਰੰਤ ਬਾਅਦ ਸ਼ਹਿਰ ਵਿੱਚ ਸੀਸੀਟੀਵੀ ਕੈਮਰਿਆਂ ਨਾਲ ਚਲਾਨ ਸ਼ੁਰੂ ਕਰ ਦਿੱਤੇ ਗਏ ਹਨ। ਇਨ੍ਹਾਂ ਕੈਮਰਿਆਂ ਨਾਲ ਸ਼ਹਿਰ ਦੇ ਵੱਖ-ਵੱਖ ਚੌਕਾ ਵਿੱਚੋਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਗੱਡੀਆਂ ਨੂੰ ਬਖਸ਼ਿਆ ਨਹੀਂ ਜਾਂਦਾ ਹੈ ਜਦੋਂ ਕਿ ਰਾਤ ਸਮੇਂ ਵੀ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਵਾਲੇ ਜਾਂ ਲਾਲ ਬੱਤੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਟਰੈਫ਼ਿਕ ਪੁਲੀਸ ਵੱਲੋਂ ਪਹਿਲਾਂ ਓਵਰ ਸਪੀਡ ਅਤੇ ਲਾਲ ਬੱਤੀ ਦੀ ਉਲੰਘਣਾ ਕਰਨ ਵਾਲਿਆਂ ਦੇ ਹੀ ਚਲਾਨ ਕੀਤੇ ਜਾਂਦੇ ਸਨ। ਸੀਸੀਟੀਵੀ ਕੈਮਰਿਆਂ ਰਾਹੀ ਕਈ ਸਰਕਾਰੀ ਗੱਡੀਆਂ ਦੇ ਚਲਾਨ ਵੀ ਕੱਟੇ ਜਾ ਚੁੱਕੇ ਹਨ। ਉਸ ਦੀ ਭਰਪਾਈ ਗੱਡੀ ਦੇ ਚਾਲਕ ਨੂੰ ਕਰਨੀ ਪਵੇਗੀ।