ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਇੱਥੋਂ ਦੇ ਸੈਕਟਰ-43 ’ਚ ਸਥਿਤ ਜ਼ਿਲ੍ਹਾ ਅਦਾਲਤ ਨੇ 8 ਸਾਲਾਂ ਬੱਚੇ ਨਾਲ ਬਦਫੈਲੀ ਕਰਨ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੇ ਵਿਅਕਤੀ ਨੂੰ 30 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਹ ਫ਼ੈਸਲਾ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਸਥਿਤ ਫਾਸਟ ਟਰੈਕ ਕੋਰਟ ਦੀ ਵਿਸ਼ੇਸ਼ ਜੱਜ ਸਵਾਤੀ ਸਹਿਗਲ ਨੇ ਸੁਣਾਇਆ ਹੈ ਜਦੋਂ ਕਿ ਅਦਾਲਤ ਨੇ ਜੁਰਮਾਨਾ ਨਾ ਭਰਨ ਦੀ ਸੂਰਤ ’ਚ ਇਕ ਸਾਲ ਵਾਧੂ ਸਜ਼ਾ ਭੁਗਤਨ ਦੇ ਆਦੇਸ਼ ਦਿੱਤੇ ਹਨ।
ਇਹ ਕੇਸ ਚੰਡੀਗੜ੍ਹ ਦੇ ਸੈਕਟਰ-11 ਦੀ ਪੁਲੀਸ ਨੇ ਪੀੜਤ ਬੱਚੇ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਅਗਸਤ 2020 ਵਿੱਚ ਆਈਪੀਸੀ ਦੀ ਧਾਰਾ 377 ਅਤੇ ਪੋਕਸੋ ਐਕਟ ਤਹਿਤ ਦਰਜ ਕੀਤਾ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਨੌਕਰੀ ’ਤੇ ਗਈ ਹੋਈ ਸੀ, ਪਿੱਛੇ ਉਸ ਦਾ 8 ਸਾਲਾਂ ਲੜਕਾਂ ਨੌਕਰ ਕੋਲ ਰਹਿ ਰਿਹਾ ਸੀ। ਜਦੋਂ ਉਸ ਨੇ ਆ ਕੇ ਦੇਖਿਆ ਤਾਂ ਨੌਕਰ ਬੱਚੇ ਨਾਲ ਗਲਤ ਹਰਕਤ ਕਰ ਰਿਹਾ ਸੀ।