ਮੁਕੇਸ਼ ਕੁਮਾਰ
ਚੰਡੀਗੜ੍ਹ, 5 ਅਗਸਤ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਆਪਣੀਆਂ 46 ਤਿਆਰ ਰਿਹਾਇਸ਼ੀ ਯੂਨਿਟਾਂ ਨੂੰ ਫ੍ਰੀ-ਹੋਲਡ ਆਧਾਰ ’ਤੇ ਵੇਚਣ ਲਈ ਸ਼ੁਰੂ ਕੀਤੀ ਗਈ ਈ-ਟੈਂਡਰਿੰਗ ਦੀ ਪ੍ਰਕਿਰਿਆ ਤਹਿਤ 12 ਯੂਨਿਟਾਂ ਲਈ ਬੋਰਡ ਕੋਲ 30 ਲੋਕਾਂ ਨੇ ਆਪਣੀ ਬੋਲੀ ਦਰਜ ਕਰਵਾਈ ਹੈ। ਇਨ੍ਹਾਂ 46 ਯੂਨਿਟਾਂ ਵਿੱਚ 12 ਯੂਨਿਟਾਂ ਨਵੀਆਂ ਸ਼ਾਮਲ ਕੀਤੀਆਂ ਗਈਆਂ ਸਨ ਜਦੋਂ ਕਿ 34 ਯੂਨਿਟਾਂ ਅਜਿਹੀਆਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਇਸ ਤੋਂ ਪਹਿਲਾਂ ਦੀਆਂ ਤਿੰਨ ਟੈਂਡਰ ਪ੍ਰਕਿਰਿਆਵਾਂ ਦੌਰਾਨ ਨਿਲਾਮ ਨਹੀਂ ਸੀ ਹੋ ਸਕੀਆਂ। ਈ-ਟੈਂਡਰ ਰਾਹੀਂ ਵੇਚੀਆਂ ਜਾਣ ਵਾਲੀਆਂ ਇਹ ਯੂਨਿਟਾਂ ਸੈਕਟਰ-38 (ਪੱਛਮੀ), ਸੈਕਟਰ-49, ਸੈਕਟਰ -51 ਅਤੇ ਸੈਕਟਰ -63 ਵਿੱਚ ਸਨ। ਹਾਊਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਸ਼ਪਾਲ ਗਰਗ ਨੇ ਦੱਸਿਆ ਕਿ ਈ-ਟੈਂਡਰਿੰਗ ਰਾਹੀਂ ਬੋਲੀ ਦਰਜ ਕਰਵਾਉਣ ਦੀ ਆਖ਼ਰੀ ਤਰੀਕ ਅੱਜ 4 ਅਗਸਤ ਨੂੰ ਸ਼ਾਮ 6 ਵਜੇ ਤੱਕ ਸੀ ਅਤੇ ਇਨ੍ਹਾਂ ਈ-ਟੈਂਡਰਾਂ ਨੂੰ ਅੱਜ ਸਵੇਰੇ 10 ਵਜੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਖੋਲ੍ਹਿਆ ਗਿਆ। ਇਸ ਦੌਰਾਨ 12 ਰਿਹਾਇਸ਼ੀ ਇਕਾਈਆਂ ਲਈ ਕੁੱਲ 30 ਬੋਲੀਆਂ ਪ੍ਰਾਪਤ ਹੋਈਆਂ। ਸਭ ਤੋਂ ਵੱਧ ਬੋਲੀ ਦੇਣ ਵਾਲਿਆਂ ਦਾ ਵੇਰਵਾ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਗਿਆ ਹੈ। ਸ੍ਰੀ ਗਰਗ ਨੇ ਦੱਸਿਆ ਈ-ਟੈਂਡਰਿੰਗ ਦੀ ਸਾਰੀ ਪ੍ਰਕਿਰਿਆ ਨੈਸ਼ਨਲ ਇਨਫਾਰਮੈਟਿਕਸ ਸੈਂਟਰ ਚੰਡੀਗੜ੍ਹ ਦੀ ਸਹਾਇਤਾ ਨਾਲ ਇਸ ਦੇ ਈ-ਟੈਂਡਰਿੰਗ ਪਲੇਟਫਾਰਮ ’ਤੇ ਪੂਰੀ ਕੀਤੀ ਗਈ ਸੀ।