ਸਿੱਖਿਆ ਸਕੱਤਰ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਮੁਹਾਲੀ-ਚੰਡੀਗੜ੍ਹ ਸੜਕ ਜਾਮ ਕੀਤੀ; ਮੁਹਾਲੀ ਪ੍ਰਸ਼ਾਸਨ ਵੱਲੋਂ ਪ੍ਰਮੁੱਖ ਸਕੱਤਰ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 9 ਸਤੰਬਰ
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਨੌਜਵਾਨਾਂ (ਅਧਿਆਪਕ ਲਈ ਯੋਗ) ਨੇ ਅੱਜ ਮੁਹਾਲੀ ਵਿਖੇ ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦੇ ਸੂਬਾ ਪੱਧਰੀ ਧਰਨਾ ਦਿੱਤਾ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਦੁਪਹਿਰੇ ਮੁੱਖ ਮੰਤਰੀ ਦੀ ਕੋਠੀ ਘੇਰਨ ਲਈ ਚੰਡੀਗੜ੍ਹ ਵੱਲ ਕੂਚ ਕਰ ਦਿੱਤਾ, ਜਿਸ ਕਾਰਨ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਉਨ੍ਹਾਂ ਦੀ ਪੁਲੀਸ ਨਾਲ ਝੜਪ ਵੀ ਹੋਈ ਜਿਸ ਕਾਰਨ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਟਰੈਫ਼ਿਕ ਲਾਈਟ ਚੌਕ ਫੇਜ਼-7 ਵਿਚਕਾਰ ਮੁਹਾਲੀ-ਚੰਡੀਗੜ੍ਹ ਸੜਕ ਜਾਮ ਕਰਕੇ ਧਰਨੇ ’ਤੇ ਬੈਠ ਗਏ। ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੇ ਮੰਗ ਪੱਤਰ ਹਾਸਲ ਕਰਕੇ ਉਨ੍ਹਾਂ ਦੀ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ 13 ਸਤੰਬਰ ਨੂੰ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਇਸ ਮਗਰੋਂ ਸ਼ਾਮ ਨੂੰ ਧਰਨਾ ਖ਼ਤਮ ਕੀਤਾ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਸ਼ਲਿੰਦਰ ਕੰਬੋਜ, ਨਿਰਮਲ ਜੀਰਾ, ਸੁਖਵਿੰਦਰ ਗੁਰਦਾਸਪੁਰ, ਸੁਰਿੰਦਰਪਾਲ ਸਿੰਘ, ਕੁਲਦੀਪ ਖੋਖਰ, ਅਮਨਦੀਪ ਸੱਗੂ ਅਤੇ ਬਲਵਿੰਦਰ ਨਾਭਾ ਨੇ ਕਿਹਾ ਕਿ ਲਗਾਤਾਰ ਸਾਢੇ ਚਾਰ ਸਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਸੰਘਰਸ਼ ਦੌਰਾਨ ਪੁਲੀਸ ਦੀਆਂ ਡਾਂਗਾਂ, ਝੂਠੇ ਪਰਚੇ, ਨਹਿਰਾਂ ’ਚ ਛਾਲਾਂ ਮਾਰਨ ਅਤੇ ਟੈਂਕੀਆਂ ਤੇ ਟਾਵਰਾਂ ਉੱਤੇ ਚੜ੍ਹਨ ਤੋਂ ਬਾਅਦ 6635 ਈਟੀਟੀ ਅਸਾਮੀਆਂ ਭਰਨ ਲਈ ਰਾਹ ਪੱਧਰਾ ਹੋਇਆ ਸੀ ਜਿਸ ਵਿੱਚ ਪਹਿਲਾਂ ਫਾਰਮ ਅਪਲਾਈ ਕਰਨ ਦੀ 18 ਅਗਸਤ ਸੀ, ਪਰ ਸਰਕਾਰ ਵੱਲੋਂ ਜਾਣ-ਬੁੱਝ ਕੇ ਵਾਧੂ ਬਾਹਰੀ ਉਮੀਦਵਾਰਾਂ ਨੂੰ ਐਂਟਰੀ ਦੇਣ ਲਈ ਲਗਾਤਾਰ ਦੋ ਵਾਰੀ ਅਪਲਾਈ ਕਰਨ ਦੀ ਤਰੀਕ ਵਧਾਈ ਗਈ। ਸਰਕਾਰ ਵੱਲੋਂ ਭਰਤੀ ਪੋਰਟਲ ਖੋਲ੍ਹ ਕੇ ਬੀਐੱਡ ਉਮੀਦਵਾਰਾਂ ਨੂੰ ਫਾਰਮ ਭਰਨ ਲਈ ਮੌਕਾ ਦਿੱਤਾ ਰਿਹਾ ਹੈ, ਜੋ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜੇ 13 ਸਤੰਬਰ ਨੂੰ ਪੈਨਲ ਮੀਟਿੰਗ ਵਿੱਚ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ।
ਕੈਪਸ਼ਨ::ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਨੌਜਵਾਨ। -ਫੋਟੋ: ਸੋਢੀ