ਆਤਿਸ਼ ਗੁਪਤਾ
ਚੰਡੀਗੜ੍ਹ, 4 ਅਕਤੂਬਰ
ਚੰਡੀਗੜ੍ਹ ਪੁਲੀਸ ਨੇ ਤਤਕਾਲ ਲੋਨ ਐਪ ਰਾਹੀਂ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਰੋਹ ਦੇ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਮਧੂਕਰ ਦੂਬੇ, ਰਾਜੇਸ਼ ਮਾਥੁਰ ਵਾਸੀਆਨ ਗਾਜ਼ੀਆਬਾਦ ਅਤੇ ਸੀ ਛੀਨਾਸੇਮੀ ਸੀਲੇਪਨ ਵਾਸੀ ਤਮਿਲਨਾਡੂ ਵਜੋਂ ਹੋਈ ਹੈ। ਇਨ੍ਹਾਂ ਤੋਂ ਪੁਲੀਸ ਨੇ 17.31 ਲੱਖ ਰੁਪਏ, 41 ਮੋਬਾਈਲ ਫੋਨ, 9 ਲੈਪਟਾਪ ਬਰਾਮਦ ਕੀਤੇ ਹਨ। ਇਹ ਕਾਰਵਾਈ ਚੰਡੀਗੜ੍ਹ ਪੁਲੀਸ ਦੇ ਥਾਣਾ ਸਾਈਬਰ ਸੈੱਲ ਦੀ ਟੀਮ ਨੇ ਕੀਤੀ ਹੈ। ਚੰਡੀਗੜ੍ਹ ਦੇ ਥਾਣਾ ਸਾਈਬਰ ਸੈੱਲ ਦੀ ਟੀਮ ਨੇ ਮੁਲਜ਼ਮਾਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਹੋਏ ਹਨ। ਚੰਡੀਗੜ੍ਹ ਪੁਲੀਸ ਦੇ ਐੱਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਤਿੰਨਾਂ ਮੁਲਜ਼ਮਾਂ ਦੇ ਵੱਖ-ਵੱਖ ਬੈਂਕਾਂ ਵਿੱਚ 20 ਖਾਤੇ ਹਨ, ਜਿੱਥੇ 60 ਲੱਖ ਰੁਪਏ ਪਏ ਹਨ। ਪੁਲੀਸ ਨੇ ਬੈਂਕ ਖਾਤਿਆਂ ਨੂੰ ਫਰੀਜ਼ ਕਰਵਾ ਦਿੱਤਾ ਹੈ।
ਐੱਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਇਸ ਗਰੋਹ ਵੱਲੋਂ ਤਤਕਾਲ ਲੋਨ ਲਈ ਐਪ ਤਿਆਰ ਕੀਤੀ ਹੋਈ ਹੈ, ਜਿਥੇ ਕੋਈ ਵਿਅਕਤੀ ਛੋਟੇ ਕਰਜ਼ੇ ਲੈਣ ਲਈ ਆਪਣੀ ਜਾਣਕਾਰੀ ਦਰਜ ਕਰਦਾ ਹੈ ਤਾਂ ਇਨ੍ਹਾਂ ਵਿਅਕਤੀਆਂ ਕੋਲ ਉਸ ਦੇ ਮੋਬਾਈਲ ਦੀ ਸਾਰੀ ਜਾਣਕਾਰੀ ਪਹੁੰਚ ਜਾਂਦੀ ਹੈ। ਉਸ ਤੋਂ ਬਾਅਦ ਇਹ ਵਿਅਕਤੀ ਉਸ ਦੇ ਬੈਂਕ ਖਾਤੇ ਵਿੱਚੋਂ ਸਾਰੀ ਰਕਮ ਨੂੰ ਗਾਇਬ ਕਰ ਦਿੰਦੇ ਹਨ, ਉੱਥੇ ਹੀ ਉਸ ਦੇ ਮੋਬਾਈਲ ਦੀ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨ ਦੇ ਨਾਮ ਉੱਤੇ ਲੋਕਾਂ ਨੂੰ ਬਲੈਕਮੇਲ ਕਰਦੇ ਹਨ। ਇੰਨਾ ਹੀ ਨਹੀਂ ਉਕਤ ਵਿਅਕਤੀਆਂ ਤੋਂ ਤੰਗ ਹੋ ਕੇ ਦੇਸ਼ ਵਿੱਚ 60 ਵਿਅਤਕੀ ਖੁਦਕੁਸ਼ੀਆਂ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਗਰੋਹ ਦੇ ਮੈਂਬਰ ਲੋਕਾਂ ਨਾਲ ਠੱਗੀਆਂ ਮਾਰ ਕੇ ਸਾਰੇ ਪੈਸੇ ਨੂੰ ਹਵਾਲਾ ਵਿੱਚ ਲਗਾ ਦਿੰਦੇ ਹਨ। ਦੱਸਣਯੋਗ ਹੈ ਕਿ ਪੁਲੀਸ ਨੇ ਇਕ ਮਹੀਨੇ ਦੌਰਾਨ ਇਸ ਮਾਮਲੇ ਵਿੱਚ ਕੁੱਲ 29 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਖ਼ਿਲਾਫ਼ ਦੇਸ਼ ਭਰ ਵਿੱਚ 89 ਕੇਸ ਦਰਜ ਹਨ।