ਸ਼ਗਨ ਕਟਾਰੀਆ
ਬਠਿੰਡਾ, 9 ਸਤੰਬਰ
ਕੁਝ ਸਮਾਂ ਪਹਿਲਾਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਨਿਲ ਜੋਸ਼ੀ ਅੱਜ ਸਨਅਤਕਾਰਾਂ ਤੇ ਵਪਾਰੀਆਂ ਨਾਲ ਗੱਲਬਾਤ ਕਰਨ ਬਠਿੰਡਾ ਦੌਰੇ ’ਤੇ ਆਏ। ਇਸ ਮੌਕੇ ਇਲਾਕੇ ਦੇ ਕਾਰੋਬਾਰੀਆਂ ਨੇ ਜੋਸ਼ੀ ਅੱਗੇ ਆਪਣੇ ਦੁੱਖੜੇ ਫਰੋਲੇ। ਉਨ੍ਹਾਂ ਅਨਿਲ ਜੋਸ਼ੀ ਨੂੰ ਸਰਕਾਰੀ ਦਫ਼ਤਰਾਂ ’ਚ ਫੈਲੇ ਭ੍ਰਿਸ਼ਟਾਚਾਰ, ਗੁੰਡਾ ਟੈਕਸ ਤੇ ਗੈਂਗਸਟਰਾਂ ਦੀਆਂ ਫ਼ਿਰੌਤੀਆਂ ਆਦਿ ਸਬੰਧੀ ਜਾਣੂ ਕਰਵਾਇਆ। ਮੀਟਿੰਗ ਵਿੱਚ ਮੱਧ ਸ਼੍ਰੇਣੀ ਨੂੰ ਮਿਲਦੀ ਮਹਿੰਗੇ ਭਾਅ ਦੀ ਬਿਜਲੀ ਤੇ ਬਿਜਲੀ ’ਤੇ ਲੱਗਦੇ ਭਾਰੀ ਟੈਕਸਾਂ ਦਾ ਮੁੱਦਾ ਵੀ ਉੱਠਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਵਪਾਰੀਆਂ ਨੇ ਕਿਹਾ ਪੰਜਾਬ ’ਚ ਦਹਿਸ਼ਤ ਵਾਲੇ ਮਾਹੌਲ ਕਾਰਨ ਕਈ ਸਨਅਤਾਂ ਹੋਰਨਾਂ ਸੂਬਿਆਂ ’ਚ ਚਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਮਾਹੌਲ ਸਾਜ਼ਗਾਰ ਬਣਾਉਣ ਲਈ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇੱਥੇ ਬਾਕੀ ਬਚੀਆਂ ਸਨਅਤਾਂ ਵੀ ਬਰਬਾਦ ਹੋ ਜਾਣਗੀਆਂ। ਕਾਰੋਬਾਰੀਆਂ ਨੇ ਸੂਬੇ ਵਿੱਚ ਵਿਕ ਰਹੇ ਨਸ਼ਿਆਂ ਨੂੰ ਰੋਕਣ ਸਬੰਧੀ ਪੁਲੀਸ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕਦਿਆਂ ਮੰਗ ਕੀਤੀ ਕਿ ਸਮਾਜ ਨੂੰ ਤਬਾਹ ਕਰ ਰਹੇ ਨਸ਼ਿਆਂ ਦੀ ਰੋਕਥਾਮ ਲਈ ਸਰਕਾਰਾਂ ਨੂੰ ਠੋਸ ਵਿਉਂਤਬੰਦੀ ਕਰਨ ਦੀ ਲੋੜ ਹੈ। ਇਕ ਵਪਾਰੀ ਨੇ ਕਿਹਾ ਕਿ ਪਹਿਲਾਂ ਗੈਂਗਸਟਰਾਂ ਦਾ ਜ਼ਿਆਦਾ ਪ੍ਰਭਾਵ ਲੁਧਿਆਣਾ ਜ਼ਿਲ੍ਹੇ ਵਿੱਚ ਹੀ ਸੀ, ਪਰ ਹੁਣ ਮੋਗਾ ਤੋਂ ਬਠਿੰਡਾ ਤੱਕ ਇਨ੍ਹਾਂ ਦਾ ਆਧਾਰ ਬਣ ਗਿਆ ਹੈ।
ਇੱਕ ਸਨਅਤਕਾਰ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਸਨਅਤਾਂ ਨੂੰ ਪੰਜ ਰੁਪਏ ਫੀ ਯੂਨਿਟ ’ਤੇ ਬਿਜਲੀ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ ਹੈ। ਉਸ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ 7 ਤੋਂ 7.30 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾ ਰਹੀ ਹੈ। ਵਪਾਰੀਆਂ ਨੇ ਰੋਸ ਜਤਾਇਆ ਕਿ ਵੋਟਾਂ ਵੇਲੇ ਤਾਂ ਅਕਾਲੀ ਦਲ ਨੇ ਸਨਅਤਕਾਰਾਂ ਨਾਲ ਕਾਫ਼ੀ ਮੋਹ ਵਿਖਾਇਆ, ਪਰ ਉਸ ਮਗਰੋਂ ਉਨ੍ਹਾਂ ਦੀ ਕਿਸੇ ਨੇ ਵੀ ਬਾਤ ਨਹੀਂ ਪੁੱਛੀ। ਮੀਟਿੰਗ ’ਚ ਭਾਜਪਾ ਤੋਂ ਅਕਾਲੀ ਦਲ ’ਚ ਸ਼ਾਮਲ ਹੋਏ ਬਠਿੰਡਾ ਦੇ ਆਗੂ ਮੋਹਿਤ ਗੁਪਤਾ ਅਤੇ ਵਿਕਰਮ ਲੱਕੀ ਵੀ ਹਾਜ਼ਰ ਸਨ।
ਡੱਬੀ———–ਫੀਡਬੈਕ ’ਤੇ ਹੀ ਉੱਸਰੇਗਾ ਚੋਣ ਏਜੰਡਾ: ਜੋਸ਼ੀ
ਅਨਿਲ ਜੋਸ਼ੀ ਦਾ ਕਹਿਣਾ ਸੀ ਕਿ ਉਹ ਫ਼ੀਡਬੈਕ ਲੈਣ ਲਈ ਜਲੰਧਰ ਅਤੇ ਲੁਧਿਆਣਾ ’ਚ ਵੀ ਵਪਾਰੀਆਂ ਨੂੰ ਮਿਲਣਗੇ ਅਤੇ ਗੱਲਬਾਤ ਦੇ ਨਿਚੋੜ ’ਚੋਂ ਹੀ ਵਪਾਰੀ ਤਬਕੇ ਲਈ ਚੋਣ ਏਜੰਡਾ ਐਲਾਨਿਆ ਜਾਣਾ ਹੈ। ਉਨ੍ਹਾਂ ਇਸ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲ ਹੋਣ ਦਾ ਹਵਾਲਾ ਦਿੱਤਾ।
ਕੈਪਸ਼ਨ: ਮੀਟਿੰਗ ਦੌਰਾਨ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਅਨਿਲ ਜੋਸ਼ੀ।