ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਸਤੰਬਰ
ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਦਾ ਪੁੱਤਰ ਅਤੇ ਕਾਂਗਰਸੀ ਆਗੂ ਦਮਨਵੀਰ ਸਿੰਘ ਫਿਲੌਰ ਨੇ ਚੰਡੀਗੜ੍ਹ ਵਿਚ ਪਾਰਟੀ ਦੇ ਜਨਰਲ ਸਕੱਤਰ ਪਰਗਟ ਸਿੰਘ ਨਾਲ ਮੁਲਾਕਾਤ ਕਰਕੇ ਹਲਕੇ ’ਚ ਵਿਕ ਰਹੇ ਨਸ਼ੇ ਦੀ ਸਥਿਤੀ ਤੋਂ ਜਾਣੂ ਕਰਵਾਇਆ। ਸ੍ਰੀ ਫਿਲੌਰ ਨੇ ਪਰਗਟ ਸਿੰਘ ਨੂੰ ਮੰਗ ਪੱਤਰ ਦੇ ਕੇ ਡਰੱਗ ਮਾਫ਼ੀਆ ਦੀ ਐੱਸਟੀਐੱਫ ਤੋਂ ਜਾਂਚ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪਰਗਟ ਸਿੰਘ ਨੇ ਉਨ੍ਹਾਂ ਦੀ ਗੱਲ ਗ਼ੌਰ ਨਾਲ ਸੁਣਦਿਆਂ ਮੰਨਿਆ ਕਿ ਸੂਬੇ ’ਚ ਡਰੱਗ ਮਾਫ਼ੀਆ ਦੀ ਰੀੜ੍ਹ ਦੀ ਹੱਡੀ ਤੋੜਨ ਲਈ ਐੱਸਟੀਐੱਫ ਤੋਂ ਜਾਂਚ ਕਰਵਾਉਣ ਦੀ ਜ਼ਰੂਰਤ ਹੈ। ਉਨ੍ਹਾਂ ਪਿਛਲੇ ਦਿਨੀਂ ਫਿਲੌਰ ’ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਜਸਵਿੰਦਰ ਸਿੰਘ ਦੀ ਮੌਤ ਦੀ ਘਟਨਾ ਤੋਂ ਵੀ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਘਟਨਾ ’ਚ ਵੀ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ ਪਰ ਪੁਲੀਸ ਸਿਆਸੀ ਦਬਾਅ ਕਾਰਨ ਮੂਕ ਦਰਸ਼ਕ ਬਣੀ ਹੋਈ ਹੈ।