ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਸਤੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 10ਵੀਂ ਤੇ 12ਵੀਂ ਜਮਾਤ ਦੇ ਪਹਿਲੇ ਸਮੈਸਟਰ ਦੇ ਸੈਂਪਲ ਪੇਪਰ ਜਾਰੀ ਕਰ ਦਿੱਤੇ ਹਨ ਪਰ ਕੁਝ ਵਿਸ਼ਿਆਂ ਦੇ ਅੰਕਾਂ ਵਿਚ ਫਰਕ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ ਹਨ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸੀਬੀਐੱਸਈ ਤੋਂ ਸਮੱਸਿਆ ਦਾ ਹੱਲ ਮੰਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਜਮਾਤਾਂ ਦੇ ਸੈਂਪਲ ਪੇਪਰਾਂ ਵਿਚ ਐੱਮਸੀਕਿਊ (ਬਹੁ-ਵਿਕਲਪੀ ਪ੍ਰਸ਼ਨ) ਦੇ ਅੰਕ ਬਰਾਬਰ ਨਹੀਂ ਹਨ। ਇਸ ਤੋਂ ਪਹਿਲਾਂ ਬੋਰਡ ਨੇ ਕਿਹਾ ਸੀ ਕਿ ਵਿਦਿਆਰਥੀਆਂ ਨੂੰ ਪਹਿਲੇ ਸਮੈਸਟਰ ਵਿੱਚ 40 ਬਹੁ-ਵਿਕਲਪੀ ਸਵਾਲ ਹੱਲ ਕਰਨੇ ਹੋਣਗੇ ਤੇ ਹਰ ਸਵਾਲ ਦਾ ਇਕ-ਇਕ ਅੰਕ ਹੋਵੇਗਾ। ਹੁਣ ਬੋਰਡ ਨੇ 10ਵੀਂ ਜਮਾਤ ਦੇ ਸੋਸ਼ਲ ਸਟੱਡੀਜ਼ ਵਿਸ਼ੇ ਦੇ 60 ਬਹੁ-ਵਿਕਲਪੀ ਸਵਾਲ ਦਿੱਤੇ ਹਨ ਪਰ ਉਨ੍ਹਾਂ ’ਚੋਂ 50 ਨੂੰ ਹੱਲ ਕਰਨ ਲਈ ਕਿਹਾ ਹੈ, ਜਿਸ ਹਿਸਾਬ ਨਾਲ ਅੰਕ 50 ਬਣਦੇ ਹਨ। ਇਸੇ ਤਰ੍ਹਾਂ 10ਵੀਂ ਜਮਾਤ ਦੇ ਵਿਗਿਆਨ ਵਿਸ਼ੇ ਵਿੱਚ ਵੀ 60 ’ਚੋਂ 50 ਸਵਾਲ ਹੱਲ ਕਰਨ ਲਈ ਕਿਹਾ ਗਿਆ ਹੈ, ਜੋ 40 ਹੋਣੇ ਚਾਹੀਦੇ ਸਨ। ਦਸਵੀਂ ਜਮਾਤ ਦੇ ਕੰਪਿਊਟਰ ਐਪਲੀਕੇਸ਼ਨ ਵਿਸ਼ੇ ਦੇ ਅੰਕ 25 ਰੱਖੇ ਗਏ ਹਨ ਪਰ ਸਵਾਲ 50 ’ਚੋਂ 40 ਹੱਲ ਕਰਨ ਲਈ ਕਿਹਾ ਗਿਆ ਹੈ।
ਦੂਜੇ ਪਾਸੇ 12ਵੀਂ ਜਮਾਤ ਦੇ ਅਕਾਊਂਟਸ ਦੀ ਪ੍ਰੀਖਿਆ ਦੇ ਬਹੁ-ਵਿਕਲਪੀ ਪ੍ਰਸ਼ਨ 40 ਅੰਕਾਂ ਦੇ ਹਨ ਪਰ ਸੈਂਪਲ ਪੇਪਰ ਵਿਚ 54 ’ਚੋਂ 45 ਹੱਲ ਕਰਨ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਬਾਇਓਲੋਜੀ ਵਿਚ ਬਹੁ-ਵਿਕਲਪੀ ਪ੍ਰਸ਼ਨਾਂ ਦੇ ਅੰਕ 35 ਰੱਖੇ ਗਏ ਹਨ ਪਰ ਵਿਦਿਆਰਥੀਆਂ ਨੂੰ 60 ’ਚੋਂ 50 ਸਵਾਲ ਹੱਲ ਕਰਨ ਲਈ ਕਿਹਾ ਗਿਆ ਹੈ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਦੱਸਿਆ ਕਿ ਸੈਂਪਲ ਪੇਪਰਾਂ ਵਿਚ ਪੈਟਰਨ ਤਾਂ ਠੀਕ ਦੱਸਿਆ ਗਿਆ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਸਵਾਲ ਹੱਲ ਕਰਨ ਵਿਚ ਮਦਦ ਮਿਲੇਗੀ ਪਰ ਬਹੁ ਵਿਕਲਪੀ ਪ੍ਰਸ਼ਨ ਦੇ ਅੰਕਾਂ ਵਿਚ ਸਪੱਸ਼ਟਤਾ ਨਾ ਹੋਣ ਕਾਰਨ ਰੋਜ਼ਾਨਾ ਵਿਦਿਆਰਥੀ ਸਵਾਲ ਪੁੱਛਦੇ ਹਨ। ਉਨ੍ਹਾਂ ਬੋਰਡ ਤੋਂ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।
—ਡੱਬੀ—
12ਵੀਂ ਕੰਪਾਰਟਮੈਂਟ ਤੇ ਨੀਟ ਪ੍ਰੀਖਿਆ ਬਾਰੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਨੀਟ ਅੰਡਰ ਗਰੈਜੂਏਟ ਪ੍ਰੀਖਿਆ 12 ਸਤੰਬਰ ਨੂੰ ਹੋਣੀ ਹੈ ਤੇ ਇਸੇ ਦੌਰਾਨ 12ਵੀਂ ਜਮਾਤ ਦੀ ਕੰਪਾਰਟਮੈਂਟ ਤੇ ਪੱਤਰ ਵਿਹਾਰ ਦੀਆਂ ਪ੍ਰੀਖਿਆਵਾਂ ਵੀ ਇਨ੍ਹਾਂ ਤਾਰੀਕਾਂ ਦੌਰਾਨ ਹੋਣੀਆਂ ਹਨ। ਵਿਦਿਆਰਥੀਆਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਪਾ ਕੇ ਕਿਹਾ ਕਿ ਜੇ ਉਹ ਨੀਟ ਪ੍ਰੀਖਿਆ ਦਾ ਫਾਰਮ ਭਰਦੇ ਹਨ ਤਾਂ 12ਵੀਂ ਦੇ ਨਤੀਜੇ ਦਾ ਐਲਾਨ ਨਾ ਹੋਣ ਕਾਰਨ ਉਨ੍ਹਾਂ ਨੂੰ ਯੋਗ ਵਰਗ ਵਿੱਚ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੀਟ ਪ੍ਰੀਖਿਆ ਮੁਲਤਵੀ ਕੀਤੀ ਜਾਵੇ ਤਾਂ ਜੋ ਨਤੀਜਾ ਆਉਣ ਤੋਂ ਬਾਅਦ ਉਹ ਨੀਟ ਪ੍ਰੀਖਿਆ ਦੇ ਸਕਣ। ਇਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਛੇ ਸਤੰਬਰ ਨੂੰ ਹੋਵੇਗੀ।