ਪੱਤਰ ਪ੍ਰੇਰਕ
ਬਨੂੜ, 4 ਅਗਸਤ
ਪਿੰਡ ਝਿਊਰਮਾਜਰਾ (ਖਾਨਪੁਰ ਖੱਦਰ) ਵਿੱਚ ਨੀਲੇ ਕਾਰਡ ਹੋਲਡਰਾਂ ਨੂੰ ਵੰਡਣ ਲਈ ਆਈ ਕਣਕ ਦਾ ਭਾਰ ਘੱਟ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਿੱਚ ਅੱਜ ਸਵੇਰੇ ਨੀਲੇ ਕਾਰਡ ਧਾਰਕਾਂ ਲਈ ਇੱਕ ਟਰਾਲੀ ਕਣਕ ਦੇ ਥੈਲਿਆਂ ਦੀ ਆਈ ਸੀ। ਡਿੱਪੂ ਹੋਲਡਰ ਵੱਲੋਂ ਕਣਕ ਦੀਆਂ ਥੈਲੀਆਂ ਪ੍ਰਤੀ ਵਿਅਕਤੀ ਇੱਕ ਥੈਲੀ ਦੇ ਹਿਸਾਬ ਨਾਲ ਵੰਡੀਆਂ ਜਾਣੀਆਂ ਸਨ। ਖੇਤ ਮਜ਼ਦੂਰ ਯੂਨੀਅਨ ਦੇ ਤਹਿਸੀਲ ਸਕੱਤਰ ਦੀਦਾਰ ਸਿੰਘ, ਮੇਵਾ ਸਿੰਘ, ਮੋਹਨ ਸਿੰਘ, ਜਰਨੈਲ ਸਿੰਘ, ਜਵਾਲਾ ਸਿੰਘ, ਸਲੋਚਨਾ ਦੇਵੀ ਤੇ ਕ੍ਰਿਸ਼ਨਾ ਦੇਵੀ ਪੰਚ ਆਦਿ ਨੂੰ ਥੈਲਿਆਂ ਵਿੱਚ ਕਣਕ 30 ਕਿੱਲੋ ਤੋਂ ਘੱਟ ਜਾਪੀ ਤਾਂ ਉਨ੍ਹਾਂ ਨਾਲ ਲੱਗਦੀ ਡੇਅਰੀ ਤੋਂ ਫ਼ਰਸ਼ੀ ਕੰਪਿਊਟਰ ਵਾਲਾ ਕੰਡਾ ਮੰਗਵਾਇਆ। ਸਾਰਿਆਂ ਦੇ ਸਾਹਮਣੇ ਦਰਜਨ ਦੇ ਕਰੀਬ ਥੈਲਿਆਂ ਦਾ ਭਾਰ ਤੋਲਿਆ ਗਿਆ ਤਾਂ ਇਨ੍ਹਾਂ ਸਾਰੇ ਥੈਲਿਆਂ ਵਿੱਚ 30 ਦੀ ਥਾਂ 26 ਕਿੱਲੋ ਦੇ ਕਰੀਬ ਕਣਕ ਮਿਲੀ। ਪਿੰਡ ਵਾਸੀ ਥੈਲੇ ਵਿੱਚ ਚਾਰ ਕਿਲੋ ਘੱਟ ਕਣਕ ਹੋਣ ’ਤੇ ਭੜਕ ਗਏ ਤੇ ਉਨ੍ਹਾਂ ਕਣਕ ਦੀ ਵੰਡ ਰੁਕਵਾ ਦਿੱਤੀ।ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਬਰਸਾਤ ਦੇ ਮੌਸਮ ਵਿੱਚ ਥੈਲਿਆਂ ਵਿੱਚ ਕਣਕ ਦਾ ਭਾਰ ਵਧਣਾ ਹੁੰਦਾ ਹੈ ਪਰ ਇਸ ਵਿੱਚ ਤਿੰਨ ਤੋਂ ਚਾਰ ਕਿਧਲੋ ਭਾਰ ਘੱਟ ਸੀ, ਜਦੋਂ ਕਿ ਪੈਸੇ ਪੂਰੇ 30 ਕਿੱਲੋ ਦੇ ਵਸੂਲੇ ਜਾਣੇ ਸਨ। ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਸਰਪੰਚ ਰਾਜੋਮਾਜਰਾ ਨੇ ਮਾਮਲਾ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ, ਜਿਨ੍ਹਾਂ ਤੁਰੰਤ ਸਾਰੀ ਟਰਾਲੀ ਵਾਪਸ ਮੰਗਵਾ ਲਈ। ਇਸ ਸਬੰਧੀ ਡਿੱਪੂ ਹੋਲਡਰ ਗੁਰਸੇਵਕ ਸਿੰਘ ਨੇ ਆਖਿਆ ਕਿ ਅੱਜ ਵਿਭਾਗ ਵੱਲੋਂ ਕਣਕ ਦੀ ਟਰਾਲੀ ਭੇਜੀ ਗਈ ਸੀ ਤੇ ਉਹ ਟਰਾਲੀ ਤੋਂ ਸਿੱਧੇ ਹੀ ਖਪਤਕਾਰਾਂ ਨੂੰ ਕਣਕ ਵੰਡਣ ਲੱਗੇ ਸਨ ਪਰ ਵਜ਼ਨ ਘੱਟ ਨਿਕਲਣ ਕਾਰਨ ਇਸ ਕਣਕ ਨੂੰ ਵਾਪਸ ਭੇਜ ਦਿੱਤਾ ਗਿਆ ਹੈ।
ਸਾਰੀ ਕਣਕ ਵਾਪਸ ਮੰਗਵਾ ਲਈ: ਇੰਸਪੈਕਟਰ
ਖੁਰਾਕ ਤੇ ਸਪਲਾਈ ਵਿਭਗਾ ਦੇ ਸਬੰਧਤ ਖੇਤਰ ਦੇੇ ਇੰਸਪੈਕਟਰ ਵਿਕਰਮ ਸਿੰਘ ਨੇ ਆਖਿਆ ਕਿ ਜਿਉਂ ਹੀ ਉਨ੍ਹਾਂ ਦੇ ਧਿਆਨ ਵਿੱਚ ਕਣਕ ਦਾ ਵਜ਼ਨ ਘੱਟ ਹੋਣ ਦਾ ਮਾਮਲਾ ਆਇਆ ਤਾਂ ਉਨ੍ਹਾਂ ਸਾਰੀ ਟਰਾਲੀ ਤੁਰੰਤ ਵਾਪਸ ਮੰਗਵਾ ਲਈ। ਉਨ੍ਹਾਂ ਕਿਹਾ ਕਿ ਮੌਸਮ ਖਰਾਬ ਹੋਣ ਕਾਰਨ ਬੋਰੀਆਂ ਪਾਟ ਗਈਆਂ ਸਨ ਜਿਸ ਕਰ ਕੇ ਕੁੱਝ ਬੋਰੀਆਂ ਵਿੱਚ ਮਾਮੂਲੀ ਵਜ਼ਨ ਘੱਟ ਸੀ ਤੇ ਜਲਦੀ ਹੀ ਪੂਰੇ ਵਜ਼ਨ ਵਾਲੀਆਂ ਥੈਲੀਆਂ ਭੇਜ ਕੇ ਕਣਕ ਵੰਡੀ ਜਾਵੇਗੀ।