ਪੱਤਰ ਪ੍ਰੇਰਕ
ਚੰਡੀਗੜ੍ਹ, 16 ਮਈ
ਇੱਥੇ ਅੱਜ 10 ਹੋਰ ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 664 ਹੋਰ ਵਿਅਕਤੀਆਂ ਨੂੰ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।
ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਕ ਸੈਕਟਰ 23 ਨਿਵਾਸੀ 78 ਸਾਲਾ ਵਿਅਕਤੀ, ਸੈਕਟਰ 44 ਨਿਵਾਸੀ 67 ਸਾਲਾ ਵਿਅਕਤੀ ਦੀ ਜੀ.ਐਮ.ਸੀ.ਐਚ.-32 ਵਿੱਚ, ਸੈਕਟਰ 44 ਨਿਵਾਸੀ 83 ਸਾਲਾ ਵਿਅਕਤੀ, ਬਾਪੂ ਧਾਮ ਕਾਲੋਨੀ ਨਿਵਾਸੀ 71 ਸਾਲਾ ਵਿਅਕਤੀ ਦੀ ਪੀ.ਜੀ.ਆਈ. ਵਿੱਚ, ਸੈਕਟਰ 8 ਨਿਵਾਸੀ 87 ਸਾਲਾ ਵਿਅਕਤੀ ਦੀ ਅਲਕੈਮਿਸਟ ਹਸਪਤਾਲ ਪੰਚਕੂਲਾ, ਸੈਕਟਰ 41 ਨਿਵਾਸੀ 63 ਸਾਲਾ ਔਰਤ, ਧਨਾਸ ਨਿਵਾਸੀ 55 ਸਾਲਾ ਤੇ 45 ਸਾਲਾ ਔਰਤ, ਸੈਕਟਰ 42 ਨਿਵਾਸੀ 80 ਸਾਲਾ ਵਿਅਕਤੀ, ਮੌਲੀ ਜਾਗਰਾਂ ਨਿਵਾਸੀ 51 ਸਾਲਾ ਔਰਤ ਦੀ ਜੀ.ਐਮ.ਐਸ.ਐਚ.-16 ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇਹ ਸਾਰੇ ਮਰੀਜ਼ ਕਰੋਨਾ ਤੋਂ ਇਲਾਵਾ ਹੋਰਨਾਂ ਵੀ ਕਈ ਬਿਮਾਰੀਆਂ ਤੋਂ ਪੀੜਤ ਸਨ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਕਰੋਨਾ ਮਹਾਮਾਰੀ ਦੇ 542 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 60 ਹਜ਼ਾਰ 601 ’ਤੇ ਪਹੁੰਚ ਗਈ ਹੈ। ਅੱਜ ਇਕੱਠੇ 1923 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ 13 ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਅਤੇ ਹੁਣ ਤੱਕ 761 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਅੱਜ 429 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਜਿਸ ਵਿੱਚ ਪੰਚਕੂਲਾ ਜ਼ਿਲ੍ਹੇ ਦੇ 285 ਮਰੀਜ਼ ਸ਼ਾਮਲ ਸਨ। ਇਸ ਤੋਂ ਇਲਾਵਾ ਪੰਚਕੂਲਾ ਜ਼ਿਲ੍ਹੇ ਵਿੱਚ 3 ਮੌਤਾਂ ਕਰੋਨਾ ਕਾਰਨ ਹੋਈਆਂ ਹਨ। ਇਸ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਕੀਤੀ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਅੱਜ 4 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 104 ਨਵੇਂ ਮਾਮਲੇ ਸਾਹਮਣੇ ਆਏ ਹਨ।
ਚੰਡੀਗੜ੍ਹ ਵਿੱਚ ਕੋਵਿਡ ਦੀ ਨਵੀਂ ਸਟ੍ਰੇਨ ਨਾਲ ਮਰੀਜ਼ ਵਧਣ ਦੀ ਪੁਸ਼ਟੀ
ਚੰਡੀਗੜ੍ਹ (ਪੱਤਰ ਪ੍ਰੇਰਕ): ਚੰਡੀਗੜ੍ਹ ਵਿੱਚ ਕੋਵਿਡ ਦੀ ਨਵੀਂ ਸਟ੍ਰੇਨ ਬੀ.1.617 ਦੇ ਦੁੱਗਣੇ ਤੋਂ ਵੀ ਵੱਧ ਅਸਰ ਨਾਲ ਮਰੀਜ਼ ਵਧਣ ਦੀ ਪੁਸ਼ਟੀ ਹੋਈ ਹੈ। ਇਹ ਖੁਲਾਸਾ ਪੀ.ਜੀ.ਆਈ. ਚੰਡੀਗੜ੍ਹ ਵੱਲੋਂ ‘ਸਾਰਸ-ਕੋਵ-2’ ਦੇ ਐਨ.ਸੀ.ਡੀ.ਸੀ. ਨਵੀਂ ਦਿੱਲੀ ਨੂੰ ਭੇਜੇ ਗਏ 23 ਸੈਂਪਲਾਂ ਦੀ ਰਿਪੋਰਟਾਂ ਵਿੱਚ ਹੋਇਆ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਪਾਈ ਗਈ ਵਾਇਰਸ ਦੀ ਇਹ ਬੀ.1.617 ਕਿਸਮ (ਸਟ੍ਰੇਨ) ਪਿਛਲੇ ਸਾਲ 40 ਤੋਂ ਵੀ ਵੱਧ ਦੇਸ਼ਾਂ ਵਿੱਚ ਪਾਈ ਗਈ ਸੀ ਜਿਸ ਨੂੰ ਡਬਲਿਯੂ.ਐਚ.ਓ. ਵੱਲੋਂ ਕਾਫ਼ੀ ਚਿੰਤਾਜਨਕ ਦੱਸਿਆ ਗਿਆ ਹੈ। ਖੋਜਾਰਥੀਆਂ ਵੱਲੋਂ ਇਹ ਵੀ ਪਾਇਆ ਗਿਆ ਹੈ ਕਿ ਵਾਇਰਸ ਦੀ ਇਹ ਸਟ੍ਰੇਨ ਦੁੱਗਣੇ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਫੈਲਦੀ ਹੈ।