ਚੰਡੀਗੜ੍ਹ ਵਿੱਚ 25 ਹੋਰ ਮਰੀਜ਼ ਆਏ ਸਾਹਮਣੇ; ਮੁਹਾਲੀ ਵਿੱਚ 44 ਤੇ ਪੰਚਕੂਲਾ ਵਿਚ 41 ਹੋਰ ਪਾਜ਼ੇਟਿਵ ਕੇਸ

ਚੰਡੀਗੜ੍ਹ ਵਿੱਚ 25 ਹੋਰ ਮਰੀਜ਼ ਆਏ ਸਾਹਮਣੇ; ਮੁਹਾਲੀ ਵਿੱਚ 44 ਤੇ ਪੰਚਕੂਲਾ ਵਿਚ 41 ਹੋਰ ਪਾਜ਼ੇਟਿਵ ਕੇਸ

ਚੰਡੀਗਡ਼੍ਹ ਪ੍ਰਸ਼ਾਸਨ ਵੱਲੋਂ ਕਰੋਨਾਵਾਇਰਸ ਦੇ ਮੱਦੇਨਜ਼ਰ ਹਫ਼ਤੇ ਦੇ ਆਖ਼ਰੀ ਦਿਨਾਂ ’ਚ ਘੁੰਮਣ ’ਤੇ ਲਗਾੲੀ ਰੋਕ ਕਾਰਨ ਸੁੰਨੀ ਪੲੀ ਸੁਖਨਾ ਝੀਲ। -ਫੋਟੋ: ਮਨੋਜ ਮਹਾਜਨ

ਕੁਲਦੀਪ ਸਿੰਘ

ਚੰਡੀਗੜ੍ਹ, 1 ਅਗਸਤ

ਚੰਡੀਗੜ੍ਹ ਵਿੱਚ ਕਰੋਨਾਵਾਇਰਸ ਪੀੜਤ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਪਿੰਡ ਕਿਸ਼ਨਗੜ੍ਹ ਦੀ 55 ਸਾਲਾ ਔਰਤ, ਸੈਕਟਰ 37 ਦੀ ਵਸਨੀਕ 75 ਸਾਲਾ ਔਰਤ ਅਤੇ ਸੈਕਟਰ 45 ਦਾ ਇੱਕ 96 ਸਾਲਾ ਬਜ਼ੁਰਗ ਸ਼ਾਮਲ ਹੈ।

ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਸ਼ਨਗੜ੍ਹ ਦੀ ਵਸਨੀਕ ਕਰੋਨਾਵਾਇਰਸ ਪੀੜਤ ਇਹ 55 ਸਾਲਾ ਔਰਤ ਡਾਇਬਟੀਜ਼ ਤੇ ਹੋਰ ਕਈ ਬਿਮਾਰੀਆਂ ਨਾਲ ਜੂਝ ਰਹੀ ਸੀ। ਸਾਹ ’ਚ ਤਕਲੀਫ਼ ਕਾਰਨ ਪੰਜ ਦਿਨ ਪਹਿਲਾਂ ਊਸ ਨੂੰ ਸੈਕਟਰ 48 ਸਥਿਤ ਕੋਵਿਡ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸੈਕਟਰ 37 ਵਾਸੀ 75 ਸਾਲਾ ਬਜ਼ੁਰਗ ਔਰਤ ਨੂੰ ਵੀ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਉਸ ਨੂੰ 27 ਜੁਲਾਈ ਨੂੰ ਮੁਹਾਲੀ ਦੇ ਆਈਵੀਵਾਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਹ ਔਰਤ ਵੀ ਬੀਪੀ, ਡਾਇਬਟੀਜ਼ ਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਸੀ ਤੇ ਇਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਸੀ। ਵਿਭਾਗ ਨੇ ਮ੍ਰਿਤਕ ਔਰਤ ਦੇ ਦੋ ਘਰੇਲੂ ਸੰਪਰਕਾਂ ਅਤੇ ਇੱਕ ਨੌਕਰ ਦੇ ਸੈਂਪਲ ਲਏ ਹਨ ਜਿਨ੍ਹਾਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਉਸ ਦਾ ਬੇਟਾ ਮੁਹਾਲੀ ਸਥਿਤ ਇੱਕ ਟੈਲੀਫ਼ੋਨ ਕੰਪਨੀ ਵਿੱਚ ਕੰਮ ਕਰਦਾ ਹੈ। ਸੈਕਟਰ 45 ਵਾਸੀ 96 ਸਾਲਾ ਬਜ਼ੁਰਗ ਵਿਅਕਤੀ ਦੀ ਜੀਐੱਮਸੀਐੱਚ-32 ਵਿੱਚ ਮੌਤ ਹੋਈ ਹੈ। ਜਾਣਕਰੀ ਮੁਤਾਬਕ ਇਹ ਬਜ਼ੁਰਗ ਵਿਅਕਤੀ ਪਿਛਲੇ ਲਗਪਗ ਡੇਢ ਸਾਲ ਤੋਂ ਅਧਰੰਗ ਦਾ ਮਰੀਜ਼ ਸੀ। ਉਸ ਦੀ ਮੌਤ ਉਪਰੰਤ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਉਕਤ ਤਿੰਨ ਮਰੀਜ਼ਾਂ ਤੋਂ ਇਲਾਵਾ ਸ਼ਹਿਰ ਵਿੱਚ ਅੱਜ 25 ਹੋਰ ਵਿਅਕਤੀਆਂ ਦੀਆਂ ਰਿਪੋਰਟਾਂ ਕਰੋਨਾ ਪਾਜ਼ੇਟਿਵ ਪਾਈਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਸੈਕਟਰ 32 ਹਸਪਤਾਲ ਦਾ ਸਟਾਫ਼ ਮੈਂਬਰ ਹੈ ਜਦੋਂਕਿ ਬਾਕੀ ਮਰੀਜ਼ ਸੈਕਟਰ 15, 18, 26, 32, 37, 39, 40, 45, 50, 51, 55, ਪੀਜੀਆਈ, ਬਾਪੂ ਧਾਮ ਕਾਲੋਨੀ, ਰਾਏਪੁਰ ਖੁਰਦ ਦੇ ਵਸਨੀਕ ਹਨ। ਸ਼ਹਿਰ ਨਿਵਾਸੀਆਂ ਲਈ ਰਾਹਤ ਵਾਲੀ ਖ਼ਬਰ ਇਹ ਵੀ ਹੈ ਕਿ ਅੱਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚੋਂ ਕੁੱਲ 16 ਮਰੀਜ਼ ਠੀਕ ਹੋਣ ਉਪਰੰਤ ਡਿਸਚਾਰਜ ਵੀ ਕੀਤੇ ਗਏ ਹਨ। ਹੁਣ ਤੱਕ ਕੁੱਲ 18 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 378 ਹੋ ਗਈ ਹੈ।

ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਜ਼ਿਲ੍ਹਾ ਐੱਸਏਐੱਸ ਨਗਰ (ਮੁਹਾਲੀ) ਵਿੱਚ ਕਰੋਨਾਵਾਇਰਸ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮੁਹਾਲੀ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਨੂੰ 44 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਪੀੜਤਾਂ ਦੀ ਗਿਣਤੀ ਵਧ ਕੇ 894 ਹੋ ਗਈ ਹੈ। ਉਂਜ ਅੱਜ 14 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਜਦੋਂਕਿ ਪਿੰਡ ਕਾਂਸਲ ਵਿੱਚ ਕਰੋਨਾਵਾਇਰਸ ਪੀੜਤ 65 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਊਹ ਕਈ ਹੋਰ ਬਿਮਾਰੀਆਂ ਤੋਂ ਪੀੜਤ ਸੀ।

ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾਵਾਇਰਸ ਦੇ 41 ਨਵੇਂ ਮਰੀਜ਼ ਪਹੁੰਚੇ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਪੰਚਕੂਲਾ ਜ਼ਿਲ੍ਹੇ ਵਿੱਚ ਇਸ ਵੇਲੇ ਕਰੋਨਾਵਾਇਰਸ ਦੇ 288 ਮਰੀਜ਼ ਸਰਗਰਮ ਹਨ ਜਦੋਂ ਕਿ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਊਨ੍ਹਾਂ ਕਿਹਾ ਕਿ ਜ਼ਿਆਦਾਤਰ ਮਰੀਜ਼ ਪਹਿਲਾਂ ਸਾਹਮਣੇ ਆਏ ਮਰੀਜ਼ਾਂ ਦੇ ਸੰਪਰਕ ਵਾਲੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰੋਨਾਵਾਇਰਸ ਤੋਂ ਪ੍ਰਭਾਵਿਤ ਸਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ।

ਅੰਬਾਲਾ ਵਿੱਚ 83 ਕੇਸਾਂ ਨੇ ਵਧਾਈ ਚਿੰਤਾ

ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜੋ ਸਿਹਤ ਵਿਭਾਗ ਅਤੇ ਅੰਬਾਲਾ ਵਾਸੀਆਂ ਲਈ ਖਤਰੇ ਦੀ ਘੰਟੀ ਹੈ। ਅੱਜ ਇਸ ਜ਼ਿਲ੍ਹੇ ਵਿੱਚ ਕੁੱਲ 83 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ 28 ਕੇਸ ਨਾਰਾਇਣਗੜ੍ਹ ਅਤੇ 21 ਕੇਸ ਸ਼ਹਿਜ਼ਾਦਪੁਰ ਦੇ ਹਨ ਜਦੋਂ ਕਿ ਅੰਬਾਲਾ ਸ਼ਹਿਰ ਦੇ 17, ਛਾਉਣੀ ਦੇ 12, ਬਰਾੜਾ ਦਾ ਇਕ, ਚੌੜਮਸਤਪੁਰ ਬਲਾਕ ਦਾ ਇਕ ਅਤੇ ਮੁਲਾਣਾ ਬਲਾਕ ਦੇ ਤਿੰਨ ਕੇਸ ਹਨ। 87 ਮਰੀਜ਼ਾਂ ਦੀ ਠੀਕ ਹੋਣ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਕਰ ਦਿੱਤੀ ਗਈ ਹੈ। ਅੱਜ ਦੇ 83 ਕੇਸ ਮਿਲਾ ਕੇ ਅੰਬਾਲਾ ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 395 ਹੋ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All