ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਚੋਣਾਂ ਵਾਲੇ ਦਿਨ ਆਪਣੇ ਸਾਰੇ ਸਰਕਾਰੀ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਨਿਜੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵੋਟ ਪਾਉਣ ਲਈ ਸ਼ਾਰਟ ਲੀਵ ਦੇਣ ਦਾ ਆਦੇਸ਼ ਦਿੱਤਾ ਹੈ। ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਧਰ ਦੂਜੇ ਪਾਸੇ 24 ਦਸੰਬਰ ਨੂੰ ਸਰਕਾਰੀ ਛੁੱਟੀ ਐਲਾਨੇ ਜਾਣ ’ਤੇ ਪ੍ਰਸ਼ਾਸਨ ਦੇ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐਲਏ) ਵਲੋਂ 24 ਦਸੰਬਰ ਨੂੰ ਵਾਹਨ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਸਬੰਧੀ ਦਿੱਤੀ ਅਗੇਤੀ ਅਪਾਇੰਟਮੈਂਟ ਰੱਦ ਕਰਕੇ 27 ਦਸੰਬਰ ਤੋਂ ਅੱਗੇ ਪਾ ਦਿੱਤੀ ਹੈ। ਆਰਐਲਏ ਅਧਿਕਾਰੀ ਪਰਦੂਮਨ ਸਿੰਘ ਅਨੁਸਾਰ 24 ਦਸੰਬਰ ਨੂੰ ਆਰਐਲਏ ਵਿੱਚ ਵਾਹਨ ਰਜਿਸਟ੍ਰੇਸ਼ਨ, ਡਰਾਈਵਿੰਗ ਟੈਸਟ ਜਾਂ ਲਾਇਸੈਂਸ ਸਬੰਧੀ ਕਾਰਜਾਂ ਲਈ ਅਪਾਇੰਟਮੈਂਟ ਲੈਣ ਵਾਲਿਆਂ ਨੂੰ ਉਨ੍ਹਾਂ ਦੇ ਨਾਮ ਦੇ ਪਹਿਲੇ ਅੱਖਰ ਦੇ ਹਿਸਾਬ ਨਾਲ 27 ਦਸੰਬਰ ਤੋਂ ਬਾਅਦ ਦਾ ਸਮਾਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਵਰਣਮਾਲਾ ਦੇ ‘ਏ’ ਅੱਖਰ ਤੋਂ ‘ਸੀ’ ਅੱਖਰ ਤੋਂ ਸ਼ੁਰੂ ਹੋਣ ਵਾਲੇ ਨਾਮ 27 ਦਸੰਬਰ, ‘ਡੀ’ ਤੋਂ ‘ਜੇ’ ਅੱਖਰ ਤੋਂ ਸ਼ੁਰੂ ਹੋਣ ਵਾਲੇ ਵਿਅਕਤੀ 28 ਦਸੰਬਰ, ‘ਕੇ’ ਅੱਖਰ ਤੋਂ ‘ਓ’ ਅੱਖਰ ਨਾਲ ਸ਼ੁਰੂ ਹੋ ਰਹੇ ਨਾਮ ਵਾਲੇ ਵਿਅਕਤੀ 29 ਦਸੰਬਰ, ‘ਪੀ’ ਤੋਂ ‘ਆਰ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਨਾਮ ਵਾਲੇ ਵਿਅਕਤੀ 30 ਦਸੰਬਰ ਅਤੇ ‘ਐੱਸ ਤੋਂ ‘ਜੈਡ’ ਅੱਖਰ ਨਾਲ ਸ਼ੁਰੂ ਹੋਣ ਵਾਲੇ ਨਾਮ ਵਾਲੇ ਵਿਅਕਤੀ 31 ਦਸੰਬਰ ਨੂੰ ਆਪਣਾ ਸਬੰਧਿਤ ਕਾਰਜ ਆਰਐਲਏ ਵਿੱਚ ਪੁੱਜ ਕੇ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਹੋਰ ਅਪਾਇੰਟਮੈਂਟ ਵਾਲੇ ਵਿਅਕਤੀ ਵੀ ਆਪਣੀ ਮਿੱਥੀ ਹੋਈ ਤਰੀਕ ਨਾਲ ਕੰਮ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 24 ਦਸੰਬਰ ਨੂੰ ਛੱਡ ਕੇ ਹੋਰ ਦਿਨਾਂ ਵਿੱਚ ਬਾਕੀ ਦੇ ਕਾਰਜ ਵੀ ਆਮ ਦਿਨਾਂ ਵਾਂਗ ਜਾਰੀ ਰਹਿਣਗੇ।