ਪੱਤਰ ਪ੍ਰੇਰਕ
ਚੰਡੀਗੜ੍ਹ, 28 ਅਪਰੈਲ
ਚੰਡੀਗੜ੍ਹ ਵਿੱਚ ਅੱਜ ਕਰੋਨਾ ਮਰੀਜ਼ਾਂ ਦੀਆਂ ਮੌਤਾਂ ਦਾ ਉਸ ਸਮੇਂ ਰਿਕਾਰਡ ਟੁੱਟ ਗਿਆ ਜਦੋਂ ਇੱਕ ਹੀ ਦਿਨ 11 ਮਰੀਜ਼ਾਂ ਦੀ ਮੌਤ ਹੋ ਗਈ। ਸ਼ਹਿਰ ਵਿੱਚ ਅੱਜ 772 ਨਵੇਂ ਮਰੀਜ਼ ਆਉਣ ਨਾਲ ਮਰੀਜ਼ਾਂ ਦਾ ਕੁੱਲ ਅੰਕੜਾ 6306 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਦੇ ਵੇਰਵਿਆਂ ਮੁਤਾਬਕ ਸੈਕਟਰ 46 ਨਿਵਾਸੀ 78 ਸਾਲਾ ਵਿਅਕਤੀ, ਸੈਕਟਰ 42 ਵਾਸੀ 79 ਸਾਲਾ ਵਿਅਕਤੀ ਤੇ ਸੈਕਟਰ 41 ਵਾਸੀ 67 ਸਾਲਾ ਵਿਅਕਤੀ ਦੀ ਜੀਐੱਮਸੀਐੱਚ-32 ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮੌਲੀ ਜਾਗਰਾਂ ਵਾਸੀ 35 ਸਾਲਾ ਵਿਅਕਤੀ, ਸੈਕਟਰ 24 ਵਾਸੀ 55 ਸਾਲਾ ਔਰਤ, ਸੈਕਟਰ 25 ਵਾਸੀ 62 ਸਾਲਾ ਵਿਅਕਤੀ ਦੀ ਪੀਜੀਆਈ ’ਚ ਮੌਤ ਹੋ ਗਈ ਹੈ। ਇਸੇ ਪ੍ਰਕਾਰ ਸੈਕਟਰ 52 ਵਾਸੀ 22 ਸਾਲਾ ਵਿਅਕਤੀ, ਸੈਕਟਰ 19 ਵਾਸੀ 83 ਸਾਲਾ ਬਜ਼ੁਰਗ ਵਿਅਕਤੀ, ਸੈਕਟਰ 12 ਵਾਸੀ 76 ਸਾਲਾ ਵਿਅਕਤੀ ਤੇ ਸੈਕਟਰ 38 ਵਾਸੀ 47 ਸਾਲਾ ਵਿਅਕਤੀ ਦੀ ਜੀਐੱਮਐੱਸਐੱਚ-16 ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇਹ ਸਾਰੇ ਮਰੀਜ਼ ਕਰੋਨਾ ਦੇ ਨਾਲ-ਨਾਲ ਹੋਰਨਾਂ ਕਈ ਬਿਮਾਰੀਆਂ ਤੋਂ ਵੀ ਪੀੜਤ ਸਨ।
ਰੈਪਿਡ ਤੇ ਆਰਟੀਪੀਸੀਆਰ ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਅੱਜ ਆਏ ਨਵੇਂ ਕਰੋਨਾ ਮਰੀਜ਼ ਸੈਕਟਰ 1, 7, 8, 9, 10, 11, 12, 14, 15 ਤੋਂ 30, 32 ਤੋਂ 52, 55, 56, 61, 63, 38-ਵੈਸਟ, ਬਾਪੂ ਧਾਮ ਕਾਲੋਨੀ, ਬਹਿਲਾਣਾ, ਬੁੜੈਲ, ਡੱਡੂਮਾਜਰਾ, ਧਨਾਸ, ਹੱਲੋਮਾਜਰਾ, ਦੜੂਆ, ਫੈਦਾਂ, ਇੰਡਸਟਰੀਅਲ ਏਰੀਆ, ਕਜਹੇੜੀ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਲੋਇਆ, ਮਨੀਮਾਜਰਾ, ਮੌਲੀ ਜਾਗਰਾਂ, ਪੀ.ਜੀ.ਆਈ. ਕੈਂਪਸ, ਰਾਏਪੁਰ ਖੁਰਦ, ਰਾਏਪੁਰ ਕਲਾਂ, ਸਾਰੰਗਪੁਰ, ਰਾਮ ਦਰਬਾਰ ਦੇ ਵਸਨੀਕ ਹਨ।
ਐਸ.ਏ.ਐਸ. ਨਗਰ (ਮੁਹਾਲੀ),(ਪੱਤਰ ਪ੍ਰੇਰਕ) ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਜਿਸ ਕਾਰਨ ਫਿਰ ਤੋਂ ਲੋਕ ਕਾਫੀ ਭੈਅਭੀਤ ਹੋ ਗਏ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਕਰੋਨਾ ਮਹਾਮਾਰੀ ਦੇ 867 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 44 ਹਜ਼ਾਰ 825 ’ਤੇ ਪਹੁੰਚ ਗਈ ਹੈ। ਉਂਜ ਨਾਲ-ਨਾਲ ਕਰੋਨਾ ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਰਹੇ ਹਨ। ਅੱਜ 852 ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ 12 ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਤੇ ਹੁਣ ਤੱਕ 579 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਡੀਸੀ ਨੇ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ’ਚ 275 ਵਿਅਕਤੀਆਂ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂਕਿ ਬਨੂੜ ਵਿੱਚ 7, ਕੁਰਾਲੀ ਵਿੱਚ 14, ਲਾਲੜੂ ਵਿੱਚ 18, ਬੂਥਗੜ੍ਹ ਵਿੱਚ 30, ਘੜੂੰਆਂ ’ਚ 60, ਡੇਰਾਬੱਸੀ ਵਿੱਚ 118, ਖਰੜ ਵਿੱਚ 144 ਤੇ ਢਕੋਲੀ ਵਿੱਚ 201 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ 8757 ਕਰੋਨਾ ਮਹਾਮਾਰੀ ਦੇ ਨਵੇਂ ਐਕਟਿਵ ਕੇਸ ਹਨ ਤੇ ਹੁਣ ਤੱਕ 35 ਹਜ਼ਾਰ 489 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਮੂੰਹ ਦੇ ਮਾਸਕ ਪਾਉਣਾ ਯਕੀਨੀ ਬਣਾਉਣ।
ਪੰਚਕੂਲਾ (ਪੱਤਰ ਪ੍ਰੇਰਕ) ਪੰਚਕੂਲਾ ਦੀ ਕੋਵਿਡ ਲੈਬ ਵਿੱਚ ਅੱਜ 637 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ। ਜਿਸ ਵਿੱਚ ਪੰਚਕੂਲਾ ਜ਼ਿਲ੍ਹੇ ਦੇ 520 ਮਰੀਜ਼ ਸ਼ਾਮਲ ਸਨ। ਬਾਕੀ ਮਰੀਜ਼ ਗੁਆਂਢੀ ਰਾਜਾਂ ਦੇ ਜਾਂ ਜ਼ਿਲ੍ਹਿਆਂ ਦੇ ਹਨ। ਇਨ੍ਹਾਂ ਮਰੀਜ਼ਾਂ ਵਿੱਚ 311 ਆਦਮੀ ਤੇ 209 ਔਰਤਾਂ ਸ਼ਾਮਲ ਹਨ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇੱਥੇ ਇਹ ਵਰਨਣਯੋਗ ਹੈ ਕਿ ਪੰਚਕੁਲਾ ’ਚ ਕਰੋਨਾ ਦੇ ਮਾਮਲੇ ਵਧ ਰਹੇ ਹਨ। ਇਸ ਤੋਂ ਇਲਾਵਾ ਪੰਚਕੂਲਾ ਜ਼ਿਲ੍ਹੇ ਵਿੱਚ ਛੇ ਮੌਤਾਂ ਕਰੋਨਾ ਕਾਰਨ ਹੋਈਆਂ ਹਨ। ਪੰਚਕੂਲਾ ਵਿੱਚ ਕਰੋਨਾ ਕਾਰਨ ਹੁਣ ਤੱਕ 194 ਮੌਤਾਂ ਹੋ ਚੁੱਕੀਆਂ ਹਨ। ਪੰਚਕੂਲਾ ਵਿੱਚ ਇਸ ਵੇਲੇ 2446 ਕੋਰਨਾ ਐਕਟਿਵ ਮਰੀਜ਼ ਹਨ।
ਰੂਪਨਗਰ ਜ਼ਿਲ੍ਹੇ ’ਚ ਦੋ ਕਰੋਨਾ ਮਰੀਜ਼ਾਂ ਦੀ ਮੌਤ
ਰੂਪਨਗਰ (ਪੱਤਰ ਪ੍ਰੇਰਕ) ਰੂਪਨਗਰ ਜ਼ਿਲ੍ਹੇ ਵਿੱਚ ਅੱਜ 128 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂਕਿ ਦੋ ਹੋਰ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 67, ਸ੍ਰੀ ਆਨੰਦਪੁਰ ਸਾਹਿਬ ਵਿੱਚ 15 ,ਸ੍ਰੀ ਚਮਕੌਰ ਸਾਹਿਬ ਇਲਾਕੇ ਵਿੱਚ 6 , ਨੰਗਲ ਇਲਾਕੇ ਵਿੱਚ 20 ਤੇ ਮੋਰਿੰਡਾ ਇਲਾਕੇ ਵਿੱਚ 20ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ। ਹੁਣ ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 1195 ਹੋ ਗਈ ਹੈ। ਅੱਜ ਨੂਰਪੁਰ ਬੇਦੀ ਬਲਾਕ ਦੇ ਪਿੰਡ ਅਸਾਲਤਪੁਰ ਵਿੱਚ ਇੱਕ 67 ਸਾਲਾ ਵਿਅਕਤੀ ਤੇ ਰੂਪਨਗਰ ਦੇ 80 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ।
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕਰੋਨਾ ਕਾਰਨ 3 ਮੌਤਾਂ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ) ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਅੱਜ ਕਰੋਨਾ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 61 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗਿਣਤੀ 405 ਹੋ ਗਈ ਹੈ ਜਦੋਂਕਿ ਹੁਣ ਤੱਕ ਇਸ ਮਹਾਮਾਰੀ ਨਾਲ ਜ਼ਿਲ੍ਹੇ ਵਿੱਚ 139 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ 1475 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਗਏ ਹਨ।