ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਜੁਲਾਈ
ਇੱਥੋਂ ਦੇ ਟੀਡੀਆਈ ਸਿਟੀ ਦੇ ਕਈ ਸੈਕਟਰਾਂ ਵਿੱਚ ਲਗਾਤਾਰ 22 ਘੰਟੇ ਬਿਜਲੀ ਗੁੱਲ ਰਹਿਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਸੜਕਾਂ ਟੁੱਟੀਆਂ ਹੋਣ ਤੋਂ ਇਲਾਵਾ ਪਾਣੀ ਦੀ ਸਪਲਾਈ ਦਾ ਵੀ ਕਾਫ਼ੀ ਬੁਰਾ ਹਾਲ ਹੈ ਜਦਕਿ ਸੀਵਰੇਜ ਅਤੇ ਬਰਸਾਤੀ ਪਾਣੀ ਨਿਕਾਸੀ ਦਾ ਵੀ ਪੱਕਾ ਪ੍ਰਬੰਧ ਨਹੀਂ ਹੈ। ਇਸ ਸਬੰਧੀ ਟੀਡੀਆਈ ਰੈਜੀਡੈਂਟਸ ਰਾਈਟਸ ਪ੍ਰੋਟੈਕਸ਼ਨ ਐਂਡ ਵੈੱਲਫੇਅਰ ਸੁਸਾਇਟੀ ਸੈਕਟਰ-117 ਦੇ ਪ੍ਰਧਾਨ ਪੀ ਕੇ ਗੁਪਤਾ ਅਤੇ ਜਨਰਲ ਸਕੱਤਰ ਐਡਵੋਕੇਟ ਗੌਰਵ ਗੋਇਲ ਨੇ ਜ਼ਿਲ੍ਹਾ ਮੈਜਿਸਟਰੇਟ, ਐੱਸਐੱਸਪੀ ਅਤੇ ਮੇਅਰ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਅਤੇ ਸੈਕਟਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਦੇਸ਼ ਦੀ ਇੱਕ ਨਾਮੀਂ ਮੋਬਾਈਲ ਕੰਪਨੀ ਵੱਲੋਂ ਟੀਡੀਆਈ ਸੈਕਟਰਾਂ ਵਿੱਚ ਇੰਟਰਨੈੱਟ ਸੁਵਿਧਾ ਦੇਣ ਲਈ ਅੰਡਰਗਰਾਊਂਡ ਕੇਬਲ ਤਾਰਾਂ ਪਾਉਣ ਸਮੇਂ ਅਚਾਨਕ ਲੋਹੇ ਦੀ ਪਾਈਪ ਉੱਥੋਂ ਲੰਘ ਰਹੀ ਬਿਜਲੀ ਸਪਲਾਈ ਵਾਲੀ 11 ਹਜ਼ਾਰ ਵੋਲਟੇਜ ਵਾਲੀ ਸਪਲਾਈ ਲਾਈਨ ਨਾਲ ਟਕਰਾ ਗਈ। ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਬਿਜਲੀ ਦੀ ਤਾਰ ਟੁੱਟ ਜਾਣ ਕਾਰਨ ਪੂਰੇ ਟੀਡੀਆਈ ਵਿੱਚ ਬਿਜਲੀ ਗੁੱਲ ਹੋ ਗਈ ਅਤੇ ਕੱਲ੍ਹ ਸਾਰਾ ਦਿਨ ਅਤੇ ਰਾਤ ਬਿਜਲੀ ਨਹੀਂ ਆਈ। ਅੱਜ ਦੂਜੇ ਦਿਨ ਸਵੇਰੇ 9 ਵਜੇ ਆਰਜ਼ੀ ਤੌਰ ’ਤੇ ਬਿਜਲੀ ਸਪਲਾਈ ਬਹਾਲ ਕੀਤੀ ਗਈ। ਇਸ ਮੌਕੇ ਟੀਡੀਆਈ ਦੇ ਵਸਨੀਕਾਂ ਨੇ ਦੱਸਿਆ ਕਿ ਇੱਥੇ ਸੜਕਾਂ ਟੁੱਟੀਆਂ ਹੋਈਆਂ ਹਨ। ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਨਹੀਂ ਹੈ ਜਦੋਂ ਕੋਈ ਵਸਨੀਕ ਸੀਵਰੇਜ ਜਾਮ ਹੋਣ ਦੀ ਸ਼ਿਕਾਇਤ ਕਰਦਾ ਹੈ ਤਾਂ ਉਸ ਮੁਹੱਲੇ ਵਿੱਚ ਸਪੈਸ਼ਲ ਵਾਹਨ ਭੇਜ ਕੇ ਸੀਵਰੇਜ ਲਾਈਨ ਦੀ ਸਫ਼ਾਈ ਕਰਵਾ ਦਿੱਤੀ ਜਾਂਦੀ ਹੈ ਪਰ ਇਸ ਸਮੱਸਿਆ ਦਾ ਹੁਣ ਤੱਕ ਪੱਕਾ ਹੱਲ ਨਹੀਂ ਕੀਤਾ ਜਾ ਸਕਿਆ। ਅੱਜ ਸ਼ਾਮ ਨੂੰ ਪਏ ਮੀਂਹ ਦਾ ਪਾਣੀ ਸੜਕਾਂ ’ਤੇ ਜਮ੍ਹਾਂ ਹੋ ਗਿਆ ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਪਾਣੀ ਸਪਲਾਈ ਦਾ ਵੀ ਮਾੜਾ ਹੈ, ਕਈ ਵਾਰ ਲੋਕਾਂ ਨੂੰ ਮਜਬੂਰੀ ਵਿੱਚ ਟੈਂਕਰ ਮੰਗਵਾ ਕੇ ਖਾਰਾ ਪਾਣੀ ਪੀਣਾ ਪੈਂਦਾ ਹੈ।