ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਕਤੂਬਰ
ਚੰਡੀਗੜ੍ਹ ਪੁਲੀਸ ਨੇ ਮਨੀਮਾਜਰਾ ਦੇ ਸ਼ਮਸ਼ਾਨਘਾਟ ਦੀ ਪਾਰਕਿੰਗ ਵਿੱਚੋਂ ਦੋ ਔਰਤਾਂ ਸਣੇ 4 ਜਣਿਆਂ ਨੂੰ 20 ਕਿਲੋ ਗਾਂਜੇ ਸਣੇ ਕਾਬੂ ਕੀਤਾ ਹੈ। ਇਹ ਕਾਰਵਾਈ ਥਾਣਾ ਮਨੀਮਾਜਰਾ ਦੀ ਪੁਲੀਸ ਨੇ ਕੀਤੀ ਹੈ ਜਿਸ ਨੇ ਧਰਮ ਵਾਸੀ ਹਿਮਾਚਲ ਪ੍ਰਦੇਸ਼, ਰਾਜੇਸ਼ ਚੌਧਰੀ, ਨੈਨਾਵਤੀ ਦੇਵੀ ਅਤੇ ਯਸ਼ੋਧਾ ਵਾਸੀਆਂ ਬਿਹਾਰ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਦਸਹਿਰੇ ਮੌਕੇ ਥਾਣਾ ਮਨੀਮਾਜਰਾ ਦੀ ਪੁਲੀਸ ਵੱਲੋਂ ਇਲਾਕੇ ’ਚ ਚੌਕਸੀ ਰੱਖੀ ਜਾ ਰਹੀ ਸੀ ਕਿ ਇਸ ਦੌਰਾਨ ਮਨੀਮਾਜਰਾ ਸ਼ਮਸ਼ਾਨਘਾਟ ਵਿੱਚੋਂ 4 ਜਣੇ ਖੜ੍ਹੇ ਸਨ ਜੋ ਪੁਲੀਸ ਨੂੰ ਵੇਖ ਕੇ ਫ਼ਰਾਰ ਹੋਣ ਲੱਗੇ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਮੁਲਜ਼ਮਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਚਾਰਾਂ ਕੋਲੋਂ 5-5 ਕਿਲੋ ਗਾਂਜਾ ਬਰਾਮਦ ਹੋਇਆ ਜਿਸ ’ਤੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।