ਸੰਜੀਵ ਬੱਬੀ
ਚਮਕੌਰ ਸਾਹਿਬ, 16 ਜਨਵਰੀ
ਇਥੇ ਪੁਰਾਣੀ ਤਹਿਸੀਲ ਨਜ਼ਦੀਕ ਰਣਜੀਤਗੜ੍ਹ ਕਲੋਨੀ ਵਿੱਚ ਤਿੰਨ ਪੰਛੀ ਮਰੇ ਹੋਏ ਮਿਲੇ ਹਨ ਜਦੋਂਕਿ ਪਿੰਡ ਹਾਫਿਜ਼ਾਬਾਦ ਵਿਚ ਪੰਚਾਇਤੀ ਗਰਾਊਂਡ ਵਿੱਚ 15 ਕਾਂ ਮਰੇ ਹੋਏ ਮਿਲੇ ਹਨ। ਚਮਕੌਰ ਸਾਹਿਬ ਵਿਖੇ ਮਰੇ ਪੰਛੀਆਂ ਵਿੱਚ ਦੋ ਕਬੂਤਰ ਤੇ ਇਕ ਗਟਾਰ ਸ਼ਾਮਲ ਹਨ। ਤਿੰਨੋ ਪੰਛੀ 50-50 ਗਜ਼ ਦੀ ਦੂਰੀ ’ਤੇ ਪਏ ਸਨ। ਇਸ ਸਬੰਧੀ ਜਦੋਂ ਐੱਸਡੀਐੱਮ ਨੂੰ ਜਾਣੂ ਕਰਵਾਇਆ ਗਿਆ। ਕੁਝ ਸਮੇਂ ਬਾਅਦ ਪੰਚਾਇਤੀ ਕਾਮੇ ਆਏ ਤਾਂ ਤਿੰਨੋ ਮਰੇ ਹੋਏ ਪੰਛੀਆਂ ਨੂੰ ਧਰਤੀ ਵਿੱਚ ਦਬਾਅ ਦਿੱਤਾ।
ਚੰਡੀਗੜ੍ਹ (ਟਨਸ): ਇਥੋਂ ਦੇ ਵੱਖ-ਵੱਖ ਸੈਕਟਰਾਂ ਵਿੱਚ 12 ਪੰਛੀਆਂ ਦੀ ਮੌਤ ਹੋਈ ਹੈ। ਵੇਰਵਿਆਂ ਅਨੁਸਾਰ 4 ਪੰਛੀ ਸੈਕਟਰ 49-ਡੀ ਵਿੱਚੋਂ ਮਿਲੇ ਹਨ, ਚਾਰ ਪੰਛੀ ਮਲੋਆ ਵਿੱਚੋਂ, 2 ਪੰਛੀ ਖੁੱਡਾ ਅਲੀ ਸ਼ੇਰ ਵਿੱਚੋਂ ਅਤੇ ਇਕ-ਇਕ ਪੰਛੀ ਸੈਕਟਰ-16 ਅਤੇ ਮਨੀਮਾਜਰਾ ਵਿੱਚੋਂ ਮਰਿਆ ਮਿਲਿਆ ਹੈ।
ਰਾਏਪੁਰ ਰਾਣੀ ਵਿੱਚ ਮੁਰਗੀਆਂ ਨੂੰ ਮਾਰਨ ਦਾ ਕੰਮ ਜਾਰੀ
ਪੰਚਕੂਲਾ (ਪੱਤਰ ਪ੍ਰੇਰਕ): ਬਰਡ ਫਲੂ ਦਾ ਪਸਾਰ ਰੋਕਣ ਲਈ ਰਾਏਪੁਰ ਰਾਣੀ ਦੇ ਪੋਲਟਰੀ ਫਾਰਮਾਂ ਅੱਜ ਵੀ ਮੁਰਗੀਆਂ ਨੂੰ ਮਾਰਨ ਦਾ ਕੰਮ ਰੈਪਿਡ ਐਕਸ਼ਨ ਟੀਮ ਵੱਲੋਂ ਜਾਰੀ ਰੱਖਿਆ ਗਿਆ। ਟੀਮ ਵੱਲੋਂ ਹੁਣ ਤੱਕ ਪੋਲਟਰੀ ਫਾਰਮਾਂ ਵਿੱਚ 57150 ਮੁਰਗੀਆਂ ਮਾਰੀਆਂ ਜਾ ਚੁੱਕੀਆਂ ਹਨ ਅਤੇ 1870 ਅੰਡੇ ਨਸ਼ਟ ਕਰਵਾਏ ਗਏ ਹਨ। ਬਰਡ ਫਲੂ ਸਪੈਸ਼ਲ ਟਾਸਕ ਫੋਰਸ ਵੱਲੋਂ ਮਰੀਆਂ ਮੁਰਗੀਆਂ ਨੂੰ ਜ਼ਮੀਨ ਹੇਠ ਦਬਾਅ ਦਿੱਤਾ ਜਾਂਦਾ ਹੈ। ਟੀਮਾਂ ਸਵੇਰੇ 11 ਵਜੇ ਕੰਮ ਸ਼ੁਰੂ ਕਰਦੀਆਂ ਹਨ ਤੇ ਏਰੀਏ ਨੂੰ ਇੱਕ ਕਿਲੋਮੀਟਰ ਤੱਕ ਸੀਲ ਕਰ ਦਿੱਤਾ ਜਾਂਦਾ ਹੈ। ਡੀਸੀ ਮੁਕੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਟਾਸਕ ਟੀਮ ਛੇਤੀ ਹੀ ਆਪਣਾ ਕੰਮ ਖਤਮ ਕਰ ਦੇਵੇਗੀ।