ਚੰਡੀਗੜ੍ਹ, 6 ਨਵੰਬਰ
ਅੱਜ ਤੜਕੇ 3.30 ਵਜੇ ਚੰਡੀਗੜ੍ਹ ਦੇ ਉਦਯੋਗਿਕ ਖੇਤਰ ਦੇ ਨਜ਼ਦੀਕ ਸੈਕਟਰ-28 ਅਤੇ 29 ਨੂੰ ਵੰਡ ਵਾਲੀ ਸੜਕ ’ਤੇ ਹੌਂਡਾ ਸਿਟੀ ਅਤੇ ਬੋਲੇਨੋ ਕਾਰਾਂ ਵਿਚਕਾਰ ਟੱਕਰ ਹੋ ਗਈ, ਜਿਸ ਵਿਚ ਬੋਲੇਨੋ ਕਾਰ ਵਿਚ ਸਵਾਰ 17 ਸਾਲਾ ਲੜਕੇ ਦੀ ਜ਼ਿੰਦਾ ਸੜਨ ਕਰਕੇ ਮੌਤ ਹੋ ਗਈ, ਜਦੋਂ ਕਿ ਉਸ ਦੇ 2 ਦੋਸਤ ਜ਼ਖਮੀ ਹਾਲਤ ਵਿੱਚ ਜੀਐੱਮਸੀਐੱਚ-32 ਵਿੱਚ ਦਾਖਲ ਹਨ। ਮਰਨ ਵਾਲੇ ਦੀ ਪਛਾਣ ਆਕਾਸ਼ (17) ਵਜੋਂ ਹੋਈ ਹੈ। ਮ੍ਰਿਤਕ ਆਕਾਸ਼ ਦੀ ਭੈਣ ਵਰਸ਼ਾ ਨੇ ਦੱਸਿਆ ਕਿ ਆਕਾਸ਼ ਵੀਰਵਾਰ ਨੂੰ ਆਪਣੇ ਦੋਸਤ ਦੀਪਕ ਨਾਲ ਚੰਡੀਗੜ੍ਹ ਵਿੱਚ ਰਹਿ ਰਹੇ ਆਪਣੇ ਦੋਸਤ ਵਿਸ਼ਾਲ ਦੀ ਜਨਮ ਦਿਨ ਦੀ ਪਾਰਟੀ ਮਨਾਉਣ ਗੁਰਦਾਸਪੁਰ ਤੋਂ ਆਇਆ ਸੀ। ਪਾਰਟੀ ਦਾ ਜਸ਼ਨ ਮਨਾਉਣ ਤੋਂ ਬਾਅਦ ਤਿੰਨੇ ਕਾਰ ਵਿਚ ਕਿਤੇ ਜਾ ਰਹੇ ਸਨ। ਅਕਾਸ਼ ਗੁਰਦਾਸਪੁਰ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਪੁਲੀਸ ਜਾਂਚ ਵਿਚ ਪਤਾ ਲੱਗਿਆ ਕਿ ਸੈਕਟਰ-28 ਤੋਂ ਬਾਹਰ ਆਉਣ ਤੋਂ ਬਾਅਦ ਉਹ ਸੈਕਟਰ-29 ਦੀ ਵੰਡ ਦੇ ਨੇੜੇ ਪਹੁੰਚੇ, ਜਿਥੇ ਹੌਂਡਾ ਸਿਟੀ ਦੀ ਕਾਰ ਸਾਹਮਣੇ ਤੋਂ ਆ ਰਹੀ ਬੋਲੇਨੋ ਕਾਰ ਨਾਲ ਟਕਰਾ ਗਈ। ਟੱਕਰ ਹੁੰਦੇ ਸਾਰ ਬੋਲੇਨੇ ਨੂੰ ਅੱਗ ਲੱਗ ਗਈ। ਇਸ ਦੌਰਾਨ ਲੋਕਾਂ ਨੇ ਦੋ ਨੌਜਵਾਨਾਂ ਨੂੰ ਤਾਂ ਕਾਰ ਵਿੱਚੋਂ ਕੱਢ ਲਿਆ ਪਰ ਆਕਾਸ਼ ਨੂੰ ਬਚਾਇਆ ਨਾ ਜਾ ਸਕਿਆ।