ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਮਈ
ਇਥੋਂ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਵਿੱਚ ਅੱਜ ਸਟੇਟ ਲੀਗਲ ਸਰਵਿਸਿਜ਼ ਅਥਾਰਿਟੀ ਦੇ ਚੇਅਰਮੈਨ ਜਸਟਿਸ ਰੀਤੂ ਬਾਹਰੂ, ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਗਵਾਈ ਹੇਠ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਮੌਕੇ ਅਪਰਾਧਕ ਮਾਮਲਿਆਂ ਨਾਲ ਸਬੰਧਤ ਵੱਖ-ਵੱਖ ਕੇਸਾਂ ਦੀ ਮੌਕੇ ’ਤੇ ਹੀ ਸੁਣਵਾਈ ਕੀਤੀ ਗਈ। ਇਸ ਦੌਰਾਨ 1644 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੈੱਕ ਬਾਊਂਸ ਦੇ 713 ਕੇਸਾਂ ਦੀ ਸੁਣਵਾਈ ਹੋਈ, ਮੋਟਰ ਐਕਸੀਡੈਂਟ ਕਲੇਮਾਂ ਨਾਲ ਸਬੰਧਤ 14, ਵਿਆਹ ਅਤੇ ਪਰਿਵਾਰਕ ਝਗੜਿਆਂ ਨਾਲ ਸਬੰਧਤ 29, ਪ੍ਰਾਪਰਟੀ ਦੇ ਕਿਰਾਏ ਨਾਲ ਸਬੰਧਤ 144, ਨਿਗਮ ਨਾਲ ਸਬੰਧਤ 85 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਲੀਗਲ ਸਰਵਿਸਿਜ਼ ਅਥਾਰਿਟੀ ਦੇ ਸਕੱਤਰ ਸੁਰਿੰਦਰ ਕੁਮਾਰ ਤੇ ਸੀਜੇਐੱਮ ਅਸ਼ੋਕ ਕੁਮਾਰ ਮਾਨ ਹਾਜ਼ਰ ਸਨ।