ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜਨਵਰੀ
ਟ੍ਰਾਈਸਿਟੀ ਵਿੱਚ ਅੱਜ ਕਰੋਨਾਵਾਇਰਸ ਦੇ 1595 ਨਵੇਂ ਕੇਸ ਸਾਹਮਣੇ ਆਏ ਹਨ। ਸਭ ਤੋਂ ਵੱਧ ਕੇਸ ਮੁਹਾਲੀ ਵਿੱਚ ਪਾਏ ਗਏ ਹਨ ਜਿੱਥੇ ਕਰੋਨਾ ਦੇ 563 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 541 ਅਤੇ ਪੰਚਕੂਲਾ ਵਿੱਚ 491 ਨਵੇਂ ਕੇਸ ਸਾਹਮਣੇ ਆਏ ਹਨ। ਪੰਚਕੂਲਾ ਵਿੱਚ 491 ਵਿੱਚੋਂ 415 ਜਣੇ ਸਥਾਨਕ ਵਸਨੀਕ ਹਨ, ਜਦੋਂ ਕਿ 76 ਜਣੇ ਹੋਰਨਾਂ ਸੂਬਿਆਂ ਨਾਲ ਸਬੰਧਿਤ ਹਨ। ਚੰਡੀਗੜ੍ਹ ਦੇ ਸਿਹਤ ਵਿਭਾਗ ਅਨੁਸਾਰ ਸ਼ਹਿਰ ਦੇ 541 ਨਵੇਂ ਕੇਸਾਂ ਵਿੱਚ 296 ਪੁਰਸ਼ ਅਤੇ 245 ਔਰਤਾਂ ਸ਼ਾਮਲ ਹਨ ਜਦੋਂ ਕਿ 70 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਸ਼ਹਿਰ ਵਿੱਚ 1794 ਐਕਟਿਵ ਕੇਸ ਹਨ। ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਅੱਜ 3865 ਜਣਿਆਂ ਦੇ ਕਰੋਨਾ ਸੈਂਪਲ ਲਏ ਗਏ ਸਨ। ਇਸ ਤਰ੍ਹਾਂ ਕਰੋਨਾ ਮਰੀਜ਼ਾਂ ਦੀ ਪਾਜ਼ੇਟਿਵ ਦਰ ਵਧ ਕੇ 13.9 ਫ਼ੀਸਦ ’ਤੇ ਪਹੁੰਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦੇ ਮਨੀਮਾਜਰਾ ਇਲਾਕੇ ਵਿੱਚ ਸਭ ਤੋਂ ਵੱਧ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਿੱਥੇ 45 ਜਣੇ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਸੈਕਟਰ-15 ’ਚ 33, ਪੀਜੀਆਈ ’ਚ 27 ਜਣੇ ਹੋਰ ਪਾਜ਼ੇਟਿਵ ਪਾਏ ਗਏ ਹਨ।
ਯੂਟੀ ਦੇ ਸਿਹਤ ਵਿਭਾਗ ਨੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੇ ਕਰੋਨਾ ਟੈਸਟ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੀ ਹਰ ਸਮੇਂ ਮਾਸਕ ਦੀ ਵਰਤੋਂ ਕਰਨ ਅਤੇ ਸਮਾਜਿਕ ਦੁਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਨਾਲ ਕਰੋਨਾਵਾਇਰਸ ਦੇ ਪਸਾਰ ਨੂੰ ਰੋਕਿਆ ਜਾ ਸਕਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਭ ਤੋਂ ਸਹਿਯੋਗ ਨਾਲ ਹੀ ਕਰੋਨਾਵਾਇਰਸ ਨੂੰ ਰੋਕਿਆ ਜਾ ਸਕਦਾ ਹੈ।
ਪੰਚਕੂਲਾ (ਪੀ.ਪੀ. ਵਰਮਾ): ਇੱਥੋਂ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਕਰੋਨਾ ਦੇ 26 ਮਰੀਜ਼ ਦਾਖ਼ਲ ਹਨ। ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਬੁਲਾਰੇ ਡਾ. ਮਨਕੀਰਤ ਮੁਰਾਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਦੀ ਸੈਂਪਲਿੰਗ ਵਧਾਈ ਗਈ ਹੈ। ਸੈਂਪਲਿੰਗ ਤੋਂ ਬਾਅਦ ਪਾਜ਼ੇਟਿਵ ਕੇਸ ਆਉਣ ਤੇ ਜੇਕਰ ਕੋਈ ਮਰੀਜ਼ ਜ਼ਿਆਦਾ ਗੰਭੀਰ ਹੁੰਦਾ ਹੈ ਤਾਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਜਾਂਦਾ ਹੈ ਅਤੇ ਜਿਹੜੇ ਘੱਟ ਪੀੜਤ ਮਰੀਜ਼ ਹਨ ਉਨ੍ਹਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਵਾਸਤੇ ਕੋਰੋਨਾ ਕਿੱਟਾਂ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤੀਆਂ ਜਾਂਦੀਆਂ ਹਨ। ਜਾਣਕਾਰੀ ਅਨੁਸਾਰ ਪੰਚਕੂਲਾ ਸਰਕਾਰੀ ਜਨਰਲ ਹਸਪਤਾਲ ਨਾਲ ਸਬੰਧਿਤ 6 ਡਾਕਟਰ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ।
ਕਰੋਨਾਵਾਇਰਸ: ਮੁਹਾਲੀ ਵਿੱਚ 563 ਨਵੇਂ ਮਾਮਲੇ
ਮੁਹਾਲੀ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦੇ ਨਵੇਂ ਕੇਸ ਵਧਣੇ ਸ਼ੁਰੂ ਹੋ ਗਏ ਹਨ। ਮੁਹਾਲੀ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਕਰੋਨਾ ਮਹਾਮਾਰੀ ਦੇ 563 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਕੱਲੇ ਮੁਹਾਲੀ ਖੇਤਰ ਵਿੱਚ 262 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਜਦੋਂ ਕਿ ਬਨੂੜ ਵਿੱਚ 2, ਲਾਲੜੂ ਵਿੱਚ 3, ਕੁਰਾਲੀ ਵਿੱਚ 5, ਬੂਥਗੜ੍ਹ ਵਿੱਚ 11, ਘੜੂੰਆਂ ਵਿੱਚ 15, ਡੇਰਾਬੱਸੀ ਵਿੱਚ 24, ਖਰੜ ਵਿੱਚ 82 ਅਤੇ ਢਕੌਲੀ ਵਿੱਚ 159 ਲੋਕ ਕਰੋਨਾ ਤੋਂ ਪੀੜਤ ਪਾਏ ਗਏ ਹਨ। ਇਸ ਸਮੇਂ ਕਰੋਨਾ ਮਹਾਮਾਰੀ ਦੇ 1830 ਨਵੇਂ ਐਕਟਿਵ ਕੇਸ ਹਨ।