ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 20 ਅਕਤੂਬਰ
ਮੁਹਾਲੀ ਪੁਲੀਸ ਵੱਲੋਂ ਡੀਐੱਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਅਤੇ ਮਟੌਰ ਥਾਣਾ ਦੇ ਐੱਸਐੱਚਓ ਇੰਸਪੈਕਟਰ ਨਵੀਨਪਾਲ ਸਿੰਘ ਲਹਿਲ ਦੀ ਨਿਗਰਾਨੀ ਹੇਠ ਸ਼ੁਰੂ ਕੀਤੀ ਮੁਹਿੰਮ ਤਹਿਤ 150 ਦੇ ਲਗਪਗ ਪਾਸਪੋਰਟ ਅਤੇ ਨੋਟਰੀ ਦੀਆਂ ਮੋਹਰਾਂ ਬਰਾਮਦ ਕੀਤੀਆਂ ਗਈਆਂ ਹਨ। ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਮਟੌਰ ਥਾਣਾ ਦੇ ਮੁਖੀ ਨਵੀਨਪਾਲ ਸਿੰਘ ਲਹਿਲ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਬਾਰੇ ਮਿਲ ਰਹੀਆਂ ਸ਼ਿਕਾਇਤਾਂ ’ਤੇ ਸੈਕਟਰ-70 ਤੇ ਫੇਜ਼-5 ਵਿੱਚ ਇਮੀਗਰੇਸ਼ਨ ਕੰਪਨੀਆਂ ਦੇ ਦਫ਼ਤਰਾਂ ਵਿੱਚ ਛਾਪੇ ਮਾਰ ਕੇ ਪੜਤਾਲ ਕੀਤੀ। ਇਸ ਦੌਰਾਨ ਪੁਲੀਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਵਿਕਾਸ ਵਰਮਾ ਕੋਲੋਂ 150 ਪਾਸਪੋਰਟ ਅਤੇ 2 ਨੋਟਰੀ ਦੀਆਂ ਮੋਹਰਾਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਕੰਪਨੀ ਮਾਲਕ ਕੋਲੋਂ ਬਰਾਮਦ ਪਾਸਪੋਰਟ ਅਤੇ ਨੋਟਰੀ ਦੀਆਂ ਜਾਅਲੀ ਮੋਹਰਾਂ ਸਬੰਧੀ ਪੁੱਛਿਆ ਤਾਂ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਪੁਲੀਸ ਨੇ ਦੋ ਲੈਪਟਾਪ ਅਤੇ ਕੰਪਨੀ ਮਾਲਕ ਦਾ ਮੋਬਾਈਲ ਕਬਜ਼ੇ ਵਿੱਚ ਲਿਆ ਹੈ। ਪੁਲੀਸ ਨੂੰ ਸ਼ੱਕ ਹੈ ਕਿ ਲੈਪਟਾਪ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਪ੍ਰੋਫਾਰਮੇ ਅਤੇ ਜਾਅਲੀ ਆਫ਼ਰ ਲੈਟਰ ਅਤੇ ਹੋਰ ਦਸਤਾਵੇਜ਼ ਮਿਲਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਹੁਣ ਸ਼ੋਅਰੂਮ ਦੇ ਮਾਲਕ ਕੋਲੋਂ ਵੀ ਇਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਬਾਰੇ ਪੁੱਛਗਿੱਛ ਕਰੇਗੀ। ਪੁਲੀਸ ਨੇ ਵਿਕਾਸ ਵਰਮਾ ਖ਼ਿਲਾਫ਼ ਧਾਰਾ 420, 465, 467, 468, 471, 120 ਬੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।